ਪੰਜਾਬੀ ਫ਼ਿਲਮ ‘ਮੋਹ’ 16 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ। ਇਸ ਫ਼ਿਲਮ ’ਚ ਸਰਗੁਣ ਮਹਿਤਾ ਤੇ ਗਿਤਾਜ਼ ਬਿੰਦਰਖੀਆ ਮੁੱਖ ਭੂਮਿਕਾ ’ਚ ਹਨ। ਫ਼ਿਲਮ ਨੂੰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ। ਉਨ੍ਹਾਂ ਨੂੰ ਆਪਣੀ ਇਸ ਫਿਲਮ ਤੋਂ ਬਹੁਤ ਉਮੀਦਾਂ ਸਨ ਪਰ ਉਹ ਫ਼ਿਲਮ ਦੀ ਹੁਣ ਤੱਕ ਦੀ ਹੋਈ ਬਾਕਸ ਆਫਿਸ ਕਲੈਕਸ਼ਨ ਦੇਖ ਕੇ ਬੇਹੱਦ ਦੁਖੀ ਹਨ। ਇਸ ਸੰਬੰਧੀ ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਨਾਲ ਇਕ ਪੋਸਟ ਰਾਹੀਂ ਆਪਣਾ ਦੁੱਖ ਸਾਂਝਾ ਕੀਤਾ ਹੈ।
ਉਨ੍ਹਾਂ ਨੇ ਆਪਣੇ ਵਲੋਂ ਸ਼ੇਅਰ ਕੀਤੀ ਪੋਸਟ ‘ਚ ਲਿਖਿਆ ਹੈ ਕਿ ‘‘ਵਧੀਆ ਤੋਂ ਵਧੀਆ ਰੀਵਿਊਜ਼, ਸੁਨੇਹੇ, ਸਟੋਰੀ ਟੈਗ, ਮੇਰੀ ਅੱਜ ਤੱਕ ਦੀ ਸਭ ਤੋਂ ਵਧੀਆ ਫ਼ਿਲਮ ਦੱਸਿਆ ਜਾ ਰਿਹਾ ਹੈ ‘ਮੋਹ’ ਨੂੰ। ਪੰਜਾਬੀ ਸਿਨੇਮਾ ਲਈ ਮਾਣ ਵਾਲੀ ਗੱਲ ਕਿਹਾ ਜਾ ਰਿਹਾ ਹੈ ਪਰ ਸੱਚ ਦੱਸਾਂ ਤਾਂ ਬਾਕਸ ਆਫਿਸ ਕਲੈਕਸ਼ਨ ਠੀਕ ਨਹੀਂ ਹੈ ਤੇ ਮੈਨੂੰ ਲੱਗਾ ਤੁਹਾਨੂੰ ਮੈਸਿਜ ਲਿਖਣਾ ਜ਼ਿਆਦਾ ਠੀਕ ਹੈ, ਪ੍ਰੋਡਿਊਸਰਾਂ ਨੂੰ ਹਮਦਰਦੀ ਦੇ ਮੈਸਿਜ ਲਿਖਣ ਨਾਲੋਂ।’’
ਇਸਦੇ ਨਾਲ ਹੀ ਜਗਦੀਪ ਨੇ ਅੱਗੇ ਲਿਖਿਆ, ‘‘ਇਹੋ ਜਿਹੀਆਂ ਫ਼ਿਲਮਾਂ ਬਣਾਉਣ ਦਾ ਕੀ ਫਾਇਦਾ, ਜਦੋਂ ਤੁਸੀਂ ਸੁਪੋਰਟ ਹੀ ਨਹੀਂ ਕਰਨਾ, ਕਿਉਂ ਮੈਂ ਕਿਸੇ ਪ੍ਰੋਡਿਊਸਰ ਦਾ ਪੈਸਾ ਖ਼ਰਾਬ ਕਰਾਂ। ਮੈਨੂੰ ਨਹੀਂ ਸਮਝ ਆਉਂਦੇ ਇਹ ਕਮਾਲ, ਕਮਾਲ, ਕਮਾਲ ਵਾਲੇ ਮੈਸਿਜ, ਜੇ ਮੇਰੇ ਪ੍ਰੋਡਿਊਸਰ ਸੁਰੱਖਿਅਤ ਨਹੀਂ ਹਨ।
ਜਗਦੀਪ ਨੇ ਅੱਗੇ ਲਿਖਿਆ, ‘ਜੇ ਇਸ ਫ਼ਿਲਮ ਨੂੰ ਤੁਸੀਂ ਨਹੀਂ ਅਪਣਾਉਂਦੇ ਤਾਂ ਯੂ. ਕੇ., ਸਬਸਿਡੀ, ਚੁਟਕਲੇ ਵਾਲੀਆਂ ਹੀ ਫ਼ਿਲਮਾਂ ਕਰਾਂਗਾ ਮੈਂ। ਜਿਸ ’ਚ ਮੇਰੇ ਪ੍ਰੋਡਿਊਸਰ ਸੁਰੱਖਿਅਤ ਹੋਣ। ਚੰਗਾ ਕੰਮ ਕਰਨ ਲਈ ਕੋਈ ਹੋਰ ਇੰਡਸਟਰੀ ਦੇਖਾਂਗੇ ਪਰ ਇਥੇ ਢੰਗ ਦੀ ਫ਼ਿਲਮ ਬਣਾਉਣ ਦੀ ਗਲਤੀ ਨਹੀਂ ਕਰਦਾ। ਜਿਨ੍ਹਾਂ ਨੇ ‘ਮੋਹ’ ਦੇਖੀ, ਉਨ੍ਹਾਂ ਦਾ ਸ਼ੁਕਰੀਆ।’’
ਜਗਦੀਪ ਵਲੋਂ ਸ਼ੇਅਰ ਕੀਤੀ ਪੋਸਟ ਤੋਂ ਸਪੱਸ਼ਟ ਹੁੰਦਾ ਹੈ ਕਿ ‘ਮੋਹ’ ਨੂੰ ਘੱਟ ਦਰਸ਼ਕ ਮਿਲਣ ਕਾਰਨ ਉਨ੍ਹਾਂ ਨੂੰ ਦੁੱਖ ਪਹੁੰਚਿਆ ਹੈ। ਉਨ੍ਹਾਂ ਪੋਸਟ ਰਾਹੀਂ ਇਹ ਵੀ ਹਿੰਟ ਦਿੱਤਾ ਹੈ ਕਿ ਉਹ ਪੰਜਾਬੀ ਫ਼ਿਲਮ ਇੰਡਸਟਰੀ ਜਾਂ ਤਾਂ ਛੱਡ ਦੇਣਗੇ ਤੇ ਕਿਸੇ ਹੋਰ ਇੰਡਸਟਰੀ ਵੱਲ ਰੁਖ਼ ਕਰ ਲੈਣਗੇ, ਨਹੀਂ ਤਾਂ ਕੋਈ ਢੰਗ ਦੀ ਫ਼ਿਲਮ ਬਣਾਉਣ ਦੀ ਗਲਤੀ ਨਹੀਂ ਕਰਨਗੇ।