ਪੰਜਾਬ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਨਾਲ ਕੀਤੇ ਆਪਣੇ ਇਕ ਹੋਰ ਵਾਅਦੇ ਨੂੰ ਪੂਰਾ ਕਰਦਿਆਂ ਵੱਡਾ ਤੇ ਮਿਸਾਲ ਕਦਮ ਚੁੱਕਦਿਆਂ ਗੰਨਾ ਕਿਸਾਨਾਂ ਦੇ ਸਾਰੇ ਬਕਾਏ ਜਾਰੀ ਕਰਕੇ ਉਨਾਂ ਦੇ ਖਾਤਿਆਂ ਵਿੱਚ 75 ਕਰੋੜ ਰੁਪਏ ਦੀ ਆਖਰੀ ਕਿਸ਼ਤ ਵਜੋਂ ਜਮਾਂ ਕਰਵਾ ਦਿੱਤੀ ਹੈ। ਇਹ ਪ੍ਰਗਟਾਵਾ ਕਰਦਿਆਂ ਬਟਾਲਾ ਵਿਧਾਨ ਸਭਾ ਹਲਕੇ ਦੇ ਨੌਜਵਾਨ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਗੰਨਾ ਕਿਸਾਨਾਂ ਨੂੰ ਅਦਾਇਗੀ ਵਜੋਂ 75 ਕਰੋੜ ਰੁਪਏ ਸੂਗਰਫੈੱਡ, ਪੰਜਾਬ ਰਾਹੀਂ ਜਾਰੀ ਕਰ ਦਿੱਤੇ ਹਨ ਅਤੇ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ ਇਹ ਰਕਮ ਜਮਾਂ ਕਰਵਾ ਦਿੱਤੀ ਗਈ ਹੈ।
ਵਿਧਾਇਕ ਕਲਸੀ ਨੇ ਦੱਸਿਆ ਕਿ ਇਸ ਅਦਾਇਗੀ ਤੋਂ ਬਾਅਦ ਬਟਾਲਾ, ਗੁਰਦਾਸਪੁਰ, ਅਜਨਾਲਾ, ਬੁੱਢੇਵਾਲ, ਭੋਗਪੁਰ, ਫਾਜ਼ਿਲਕਾ, ਮੋਰਿੰਡਾ, ਨਕੋਦਰ ਅਤੇ ਨਵਾਂਸਹਿਰ ਵੱਲ ਗੰਨਾ ਕਾਸਤਕਾਰਾਂ ਦਾ ਕੋਈ ਬਕਾਇਆ ਨਹੀਂ ਬਚਿਆ ਹੈ।ਵਿਧਾਇਕ ਸ਼ੈਰੀ ਕਲਸੀ ਨੇ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਅਤੇ ਖੇਤੀਬਾੜੀ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਵਚਨਬੱਧ ਹੈ ਅਤੇ ਰਾਜ ਸਰਕਾਰ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨਾਂ ਕਿਹਾ ਕਿ ਫਸਲੀ ਵਿਭਿੰਨਤਾ ਰਾਹੀਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਰਕਾਰ ਕੋਈ ਕਸਰ ਬਾਕੀ ਨਹੀਂ ਰਹਿਣ ਦੇਵੇਗੀ।
ਦੱਸਣਯੋਗ ਹੈ ਕਿ ਇਹ ਬਕਾਇਆ ਅਦਾਇਗੀਆਂ ਪਿੜਾਈ ਸੀਜਨ 2021-22 ਨਾਲ ਸਬੰਧਤ ਹਨ ਅਤੇ ਪਹਿਲੀ ਦਫਾ ਕਿਸਾਨਾਂ ਦੇ ਸਾਰੇ ਬਕਾਏ ਜਾਰੀ ਕੀਤੇ ਗਏ ਹਨ। 75 ਕਰੋੜ ਰੁਪਏ ਦੀ ਇਸ ਅਦਾਇਗੀ ਨਾਲ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਨੇ ਗੰਨਾ ਕਿਸਾਨਾਂ ਦੇ ਸਾਰੇ ਬਕਾਏ ਭੁਗਤਾ ਦਿੱਤੇ ਹਨ। ਹੁਣ ਤੱਕ ਗੰਨਾ ਕਿਸਾਨਾਂ ਨੂੰ 619.62 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਹਾਲ ਦੀ ਘੜੀ ਕਿਸਾਨਾਂ ਦਾ ਕੁੱਝ ਵੀ ਬਕਾਇਆ ਨਹੀਂ ਹੈ।









