ਅਫਰੀਕਾ ਦੇ ਬੁਰਕੀਨਾ ਫਾਸੋ ਵਿੱਚ ਇੱਕ ਬੰਬ ਧਮਾਕੇ ਵਿੱਚ 35 ਨਾਗਰਿਕਾਂ ਦੀ ਮੌਤ ਹੋ ਗਈ ਅਤੇ 37 ਜ਼ਖਮੀ ਹੋ ਗਏ। ਸਾਹੇਲ ਖੇਤਰ ਦੇ ਗਵਰਨਰ ਰੋਡੋਲਫੇ ਸਰਗੋ ਨੇ ਕਿਹਾ ਕਿ ਬਹੁਤ ਸਾਰੇ ਨਾਗਰਿਕ ਅਤੇ ਕਾਰੋਬਾਰੀ ਫੌਜੀ ਵਾਹਨਾਂ ਵਿੱਚ ਖਰੀਦਦਾਰੀ ਕਰਨ ਲਈ ਬੁਰਕੀਨਾ ਫਾਸੋ ਦੀ ਰਾਜਧਾਨੀ ਓਗਾਡੋਗੂ ਜਾ ਰਹੇ ਸਨ। ਇਨ੍ਹਾਂ ‘ਚੋਂ ਇਕ ਵਾਹਨ ‘ਤੇ ਆਈਈਡੀ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਦੀ ਲਪੇਟ ਵਿੱਚ ਕਈ ਹੋਰ ਵਾਹਨ ਵੀ ਆ ਗਏ। ਮਰਨ ਵਾਲਿਆਂ ਵਿੱਚ ਕਈ ਵਿਦਿਆਰਥੀ ਵੀ ਸ਼ਾਮਲ ਹਨ ਜੋ ਅਗਲੇ ਸੈਸ਼ਨ ਲਈ ਕਿਤਾਬਾਂ ਖਰੀਦਣ ਗਏ ਹੋਏ ਸਨ।
ਬੁਰਕੀਨਾ ਫਾਸੋ ‘ਚ ਪਿਛਲੇ 7 ਸਾਲਾਂ ਤੋਂ ਵਿਦਰੋਹ ਚੱਲ ਰਿਹਾ ਹੈ। ਇਸ ‘ਚ 2000 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਜਦਕਿ 19 ਲੱਖ ਲੋਕ ਆਪਣਾ ਘਰ ਛੱਡਣ ਲਈ ਮਜਬੂਰ ਹੋਏ ਹਨ। ਦੇਸ਼ ਦੇ ਉੱਤਰੀ ਅਤੇ ਪੂਰਬੀ ਖੇਤਰਾਂ ਵਿੱਚ ਜੇਹਾਦੀ ਕੱਟੜਪੰਥੀ ਲੜਾਕੇ ਵਿਦਰੋਹ ਦੀ ਅੱਗ ਨੂੰ ਹਵਾ ਦੇ ਰਹੇ ਹਨ। ਉਨ੍ਹਾਂ ਦੇ ਸਬੰਧ ਅਲਕਾਇਦਾ ਅਤੇ ਆਈਐਸਆਈਐਸ ਨਾਲ ਜੁੜੇ ਦੱਸੇ ਜਾਂਦੇ ਹਨ। ਅਗਸਤ ਦੇ ਸ਼ੁਰੂ ਵਿੱਚ ਇੱਕ ਦੋਹਰੇ ਆਈਈਡੀ ਧਮਾਕੇ ਵਿੱਚ ਲਗਭਗ 15 ਸੈਨਿਕ ਮਾਰੇ ਗਏ ਸਨ।