ਪੰਜਾਬ ਦੇ ਤਰਨਤਾਰਨ ‘ਚ ਇੱਕ ਚਰਚ ‘ਚ ਭੰਨ ਤੋੜ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਜ਼ਿਲ੍ਹੇ ਦੇ ਕਸਬਾ ਪੱਟੀ ਅਧੀਨ ਆਉਂਦੇ ਪਿੰਡ ਠੱਕਰਪੁਰਾ ਵਿਖੇ ਸਥਿਤ ਨਾਮੀ ਚਰਚ ਨੂੰ ਬੀਤੀ ਰਾਤ ਕੁੱਝ ਅਣਪਛਾਤੇ ਸ਼ਰਾਰਤੀ ਵਿਅਕਤੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਸ਼ਰਾਰਤੀ ਅਨਸਰਾਂ ਵੱਲੋਂ ਚਰਚ ਨੂੰ ਅੱਗ ਲਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਭਰਿਆ ਮਾਹੌਲ ਪਾਇਆ ਜਾ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਜ਼ਿਲ੍ਹੇ ਦੇ ਉੱਚ ਪੁਲਸ ਅਧਿਕਾਰੀ ਮੌਕੇ ‘ਤੇ ਪੁੱਜੇ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਨੂੰ ਕਬਜ਼ੇ ‘ਚ ਲੈਂਦੇ ਹੋਏ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਬੀਤੀ ਦੇਰ ਰਾਤ ਪਿੰਡ ਠੱਕਰਪੁਰਾ ਵਿਖੇ ਸਥਿਤ ਕੈਥੋਲਿਕ ਚਰਚ ‘ਚ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਵੱਖ-ਵੱਖ ਮੂਰਤੀਆਂ ਦੀ ਭੰਨ ਤੋੜ ਕਰਦੇ ਹੋਏ ਬੇਅਦਬੀ ਕੀਤੀ ਗਈ। ਇਸ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਚਰਚ ਅੰਦਰ ਖੜ੍ਹੀ ਇਕ ਕਾਰ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ। ਇਹ ਸਾਰੀ ਘਟਨਾ ਚਰਚ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ‘ਚ ਕੈਦ ਹੋ ਗਈ ਹੈ।
ਇਸ ਘਟਨਾ ਤੋਂ ਬਾਅਦ ਈਸਾਈ ਭਾਈਚਾਰੇ ‘ਚ ਕਾਫ਼ੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ.ਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ ਕੈਮਰੇ ਦੀ ਫੁਟੇਜ ਨੂੰ ਕਬਜ਼ੇ ‘ਚ ਲੈਂਦੇ ਹੋਏ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕਰਦੇ ਹੋਏ ਸਖ਼ਤ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
ਘਟਨਾ ਤੋਂ ਬਾਅਦ ਹੁਣ ਈਸਾਈ ਧਰਮ ਦੇ ਲੋਕਾਂ ਨੇ ਪੱਟੀ-ਖੇਮਕਰਨ ਰਾਜ ਮਾਰਗ ਨੂੰ ਸਵੇਰੇ ਹੀ ਬੰਦ ਕਰ ਦਿੱਤਾ ਹੈ। ਧਰਨੇ ‘ਤੇ ਬੈਠੇ ਈਸਾਈ ਭਾਈਚਾਰੇ ਦੇ ਲੋਕ ਇਨਸਾਫ਼ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।