ਕਾਂਗਰਸ ਨੂੰ ਵੱਡਾ ਝਟਕਾ, ਗੁਲਾਮ ਨਬੀ ਆਜ਼ਾਦ ਨੇ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਹੁਦੇ ਤੋਂ ਦਿੱਤਾ ਅਸਤੀਫਾ

0
335

ਜੰਮੂ-ਕਸ਼ਮੀਰ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਮੰਗਲਵਾਰ ਨੂੰ ਕਾਂਗਰਸ ਨੇ ਆਪਣੇ ਜੰਮੂ-ਕਸ਼ਮੀਰ ਸੰਗਠਨ ‘ਚ ਵੱਡਾ ਬਦਲਾਅ ਕੀਤਾ ਸੀ। ਸੰਗਠਨ ਨੂੰ ਹੋਰ ਜ਼ਿਆਦਾ ਮਜਬੂਤ ਕਰਨ ਲਈ ਕਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਸਨ। ਪਾਰਟੀ ਨੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੂੰ ਪ੍ਰਚਾਰ ਕਮੇਟੀ ਦਾ ਚੇਅਰਮੈਨ ਅਤੇ ਤਾਰਿਕ ਹਾਮਿਦ ਕਰਾ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਸੀ। ਗੁਲਾਮ ਨਬੀ ਆਜ਼ਾਦ ਨੂੰ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਅਤੇ ਤਾਲਮੇਲ ਕਮੇਟੀ ਦਾ ਮੁਖੀ ਵੀ ਬਣਾਇਆ ਸੀ।

ਉਥੇ ਮੈਨੀਫੈਸਟੋ ਕਮੇਟੀ ਦਾ ਮੁਖੀ ਪ੍ਰੋ. ਸੈਫੂਦੀਨ ਸੋਜ ਅਤੇ ਮੀਤ ਪ੍ਰਧਾਨ ਐਡਵੋਕੇਟ ਐੱਮ.ਕੇ. ਭਾਰਤਵਾਜ ਨੂੰ ਬਣਾਇਆ ਗਿਆ ਸੀ। ਪ੍ਰਚਾਰ ਅਤੇ ਪ੍ਰਕਾਸ਼ਨ ਕਮੇਟੀ ਦਾ ਚੇਅਰਮੈਨ ਮੂਲਾ ਰਾਮ ਨਿਯੁਕਤ ਹੋਏ ਸਨ ਪਰ ਇਨ੍ਹਾਂ ਨਿਯੁਕਤੀਆਂ ਦੇ ਕੁਝ ਘੰਟੇ ਬਾਅਦ ਹੀ ਗੁਲਾਮ ਨਬੀ ਆਜ਼ਾਦ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।  ਅਸਤੀਫਾ ਦੇਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਸੂਤਰਾਂ ਮੁਤਾਬਕ ਗੁਲਾਮ ਨਬੀ ਆਜ਼ਾਦ ਦੀ ਨਾਰਾਜ਼ਗੀ ਇਸ ਗੱਲ ਦੀ ਹੈ ਕਿ ਉਨ੍ਹਾਂ ਦੀਆਂ ਸਿਫ਼ਾਰਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਨਵੀਂ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਹਾਲਾਂਕਿ ਕਾਂਗਰਸ ਦਾ ਕਹਿਣਾ ਹੈ ਕਿ ਆਜ਼ਾਦ ਨੇ ਖਰਾਬ ਸਿਹਤ ਕਾਰਨ ਪ੍ਰਚਾਰ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਜਾਣਕਾਰੀ ਪਾਰਟੀ ਹਾਈਕਮਾਂਡ ਨੂੰ ਦੇ ਦਿੱਤੀ ਹੈ। ਆਜ਼ਾਦ ਨੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੌਂਪਣ ਲਈ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ ਹੈ। ਗੁਲਾਮ ਨਬੀ ਆਜ਼ਾਦ ਪਾਰਟੀ ਤੋਂ ਅਲੱਗ ਜੀ23 ਗਰੁੱਪ ਦਾ ਹਿੱਸਾ ਹਨ ਜੋ ਪਾਰਟੀ ਵਿੱਚ ਕਈ ਵੱਡੇ ਬਦਲਾਅ ਦੀ ਵਕਾਲਤ ਕਰਦੇ ਹਨ। ਉਨ੍ਹਾਂ ਸਾਰੀਆਂ ਗਤੀਵਿਧੀਆਂ ਦੇ ਵਿਚਕਾਰ ਇਸ ਅਸਤੀਫੇ ਨੇ ਗੁਲਾਮ ਨਬੀ ਆਜ਼ਾਦ ਅਤੇ ਕਾਂਗਰਸ ਨਾਲ ਉਨ੍ਹਾਂ ਦੇ ਸਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੱਸ ਦੇਈਏ ਕਿ ਗੁਲਾਮ ਨਬੀ ਆਜ਼ਾਦ ਨੂੰ ਇਸ ਸਾਲ ਕੇਂਦਰ ਨੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਹੈ।

LEAVE A REPLY

Please enter your comment!
Please enter your name here