ਰਾਜਸਥਾਨ ਦੇ ਪਾਲੀ ਜ਼ਿਲ੍ਹੇ ‘ਚ ਦੇਰ ਰਾਤ ਇਕ ਬੇਕਾਬੂ ਟਰਾਲੇ ਨੇ ਸੜਕ ਕਿਨਾਰੇ ਲੰਗਰ ਵੱਲ ਜਾ ਰਹੇ ਸ਼ਰਧਾਲੂਆਂ ਨੂੰ ਦਰੜ ਦਿੱਤਾ। ਇਸ ਭਿਆਨਕ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ। 4 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਜੋਧਪੁਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਟਰਾਲਾ ਚਾਲਕ ਘਟਨਾ ਤੋਂ ਬਾਅਦ ਫਰਾਰ ਹੋ ਗਿਆ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮੱਚ ਗਈ।
ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਸ ਨੇ ਜ਼ਖਮੀਆਂ ਨੂੰ ਰੋਹਟ ਹਸਪਤਾਲ ਪਹੁੰਚਾਇਆ, ਜਿੱਥੋਂ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜੋਧਪੁਰ ਰੈਫਰ ਕਰ ਦਿੱਤਾ ਗਿਆ। ਪਾਲੀ ਜ਼ਿਲੇ ਦੇ ਰੋਹਟ ਥਾਣਾ ਖੇਤਰ ‘ਚ ਬੰਦਈ ਪੁਲੀਆ-ਦਲਪਤਗੜ੍ਹ ਵਿਚਾਲੇ ਰਾਮਦੇਵਰਾ ‘ਤੇ ਸ਼ਰਧਾਲੂਆਂ ਲਈ ਲੰਗਰ ਦਾ ਆਯੋਜਨ ਕੀਤਾ ਗਿਆ ਸੀ। ਰਾਤ ਕਰੀਬ ਇੱਕ ਵਜੇ ਭੀਲਵਾੜਾ ਦੇ ਲੋਕਾਂ ਦਾ ਇੱਕ ਟੋਲਾ ਰਾਮਦੇਵਰਾ ਵੱਲ ਜਾਂਦੇ ਹੋਏ ਇੱਥੇ ਰੁਕਿਆ।
ਹਰ ਕੋਈ ਸੜਕ ਦੇ ਕਿਨਾਰੇ ਬਣੇ ਤੰਬੂ ਵੱਲ ਜਾ ਰਿਹਾ ਸੀ। ਇਸ ਦੌਰਾਨ ਤੇਜ਼ ਰਫਤਾਰ ਨਾਲ ਆਇਆ ਟਰਾਲਾ ਲੋਕਾਂ ਨੂੰ ਲਤਾੜਦਾ ਹੋਇਆ ਅੱਗੇ ਨਿਕਲ ਗਿਆ। ਇਸ ‘ਚ ਭੀਲਵਾੜਾ ਦੇ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। 6 ਨੂੰ ਜੋਧਪੁਰ ਰੈਫਰ ਕਰ ਦਿੱਤਾ ਗਿਆ, ਜਿਨ੍ਹਾਂ ‘ਚੋਂ 2 ਦੀ ਇਲਾਜ ਦੌਰਾਨ ਮੌਤ ਹੋ ਗਈ। ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।