ਭਾਰਤ ਇਸ ਵਾਰ 76ਵਾਂ ਸੁਤੰਤਰਤਾ ਦਿਵਸ ਮਨਾਉਣ ਜਾ ਰਿਹਾ ਹੈ। ਦੇਸ਼ ਦੇ ਨਵੇਂ ਬਣੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਅੱਜ 14 ਅਗਸਤ ਨੂੰ ਸ਼ਾਮ 7 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਰਾਸ਼ਟਰਪਤੀ ਵਜੋਂ ਰਾਸ਼ਟਰ ਨੂੰ ਇਹ ਉਨ੍ਹਾਂ ਦਾ ਪਹਿਲਾ ਸੰਬੋਧਨ ਹੋਵੇਗਾ। ਮੁਰਮੂ (64) ਨੇ 25 ਜੁਲਾਈ ਨੂੰ ਦੇਸ਼ ਦੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ। ਉਹ ਚੋਟੀ ਦੇ ਸੰਵਿਧਾਨਕ ਅਹੁਦੇ ‘ਤੇ ਰਹਿਣ ਵਾਲੀ ਸਭ ਤੋਂ ਘੱਟ ਉਮਰ ਦੀ ਅਤੇ ਪਹਿਲੀ ਕਬਾਇਲੀ ਹੈ। ਉਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੈਦਾ ਹੋਏ ਪਹਿਲੇ ਰਾਸ਼ਟਰਪਤੀ ਹਨ।
ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਦਾ ਭਾਸ਼ਣ ਆਲ ਇੰਡੀਆ ਰੇਡੀਓ ਦੇ ਸਾਰੇ ਰਾਸ਼ਟਰੀ ਨੈੱਟਵਰਕਾਂ ‘ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੇਸ਼ ਦੇ ਲੋਕ ਦੂਰਦਰਸ਼ਨ ਦੇ ਸਾਰੇ ਚੈਨਲਾਂ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸੰਦੇਸ਼ ਦੇਖ ਸਕਦੇ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸੰਬੋਧਨ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਇਸ ਦਾ ਪ੍ਰਸਾਰਣ ਪਹਿਲਾਂ ਹਿੰਦੀ ਅਤੇ ਫਿਰ ਅੰਗਰੇਜ਼ੀ ਵਿੱਚ ਕੀਤਾ ਜਾਵੇਗਾ।