ਕੱਲ੍ਹ ਨੂੰ ਰੱਖੜੀ ਦਾ ਤਿਉਹਾਰ ਹੈ। ਸਾਰੀਆਂ ਹੀ ਭੈਣਾਂ ਆਪਣੇ ਭਰਾ ਦੇ ਗੁੱਟ ‘ਤੇ ਰੱਖੜੀ ਬੰਨਦੀਆਂ ਹਨ। ਇਹ ਤਿਉਹਾਰ ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਇਸ ਤਿਉਹਾਰ ‘ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਮਹਿਲਾਵਾਂ ਲਈ ਮੁਫਤ ਸਫਰ ਦਾ ਐਲਾਨ ਕੀਤਾ ਹੈ। ਦੋਵੇਂ ਤਰ੍ਹਾਂ ਦੀਆਂ ਬੱਸਾਂ ਵਿੱਚ ਔਰਤਾਂ ਮੁਫ਼ਤ ਸਫ਼ਰ ਕਰ ਸਕਣਗੀਆਂ। ਹਾਲਾਂਕਿ ਇਹ ਸਹੂਲਤ ਸਿਰਫ ਲੋਕਲ ਏਸੀ ਤੇ ਨਾਨ ਏਸੀ ਬੱਸਾਂ ‘ਚ ਰਹੇਗੀ। ਸਿਰਫ ਟ੍ਰਾਈਸਿਟੀ ‘ਚ ਹੀ ਕਿਤੇ ਆਉਣ ਜਾਣ ਲਈ ਟਿਕਟ ਨਹੀਂ ਲੱਗੇਗੀ। ਭਲਕੇ 11 ਅਗਸਤ ਨੂੰ ਚੰਡੀਗੜ੍ਹ ਵਿਖੇ ਹਰ ਭੈਣ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਮੁਫਤ ਬੱਸ ਸੇਵਾ ਦਾ ਲਾਭ ਲੈ ਸਕੇਗੀ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਸੇਵਾ ਦਾ ਲਾਭ ਦਿੱਤਾ ਹੈ। ਅੱਜ ਰਾਤ 12 ਵਜੇ ਤੋਂ ਅਗਲੇ 24 ਘੰਟਿਆਂ ਲਈ ਔਰਤਾਂ ਨੂੰ ਇਹ ਸਹੂਲਤ ਮਿਲੇਗੀ। ਮੁਫਤ ਸਫਰ ਦਾ ਲਾਭ ਚੰਡੀਗੜ੍ਹ ਤੋਂ ਪੰਚਕੂਲਾ ਅਤੇ ਮੋਹਾਲੀ ਲਈ ਸੀ.ਟੀ.ਯੂ ਦੀਆਂ ਬੱਸਾਂ ਵਿੱਚ ਮਿਲੇਗਾ।
ਅਜਿਹੇ ‘ਚ ਰੱਖੜੀ ਵਾਲੇ ਦਿਨ ਸੀਟੀਯੂ ਦੀਆਂ ਬੱਸਾਂ ‘ਚ ਭਾਰੀ ਭੀੜ ਦੇਖਣ ਨੂੰ ਮਿਲ ਸਕਦੀ ਹੈ। ਇਸ ਸਬੰਧੀ ਬੱਸ ਕੰਡਕਟਰਾਂ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ। ਇਹ ਯਕੀਨੀ ਬਣਾਇਆ ਗਿਆ ਹੈ ਕਿ ਔਰਤਾਂ ਬਿਨਾਂ ਕਿਸੇ ਰੁਕਾਵਟ ਦੇ ਇਹ ਲਾਭ ਪ੍ਰਾਪਤ ਕਰ ਸਕਣ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਸਰਕਾਰ ਨੇ ਔਰਤਾਂ ਲਈ ਯਾਤਰਾ ਮੁਫ਼ਤ ਕੀਤੀ ਹੋਈ ਹੈ। ਅਜਿਹੇ ‘ਚ ਰੱਖੜੀ ਵਾਲੇ ਦਿਨ ਪੰਜਾਬ ਦੀਆਂ ਬੱਸਾਂ ‘ਚ ਔਰਤਾਂ ਦਾ ਸਫਰ ਮੁਫਤ ਹੋਵੇਗਾ। ਚੰਡੀਗੜ੍ਹ ਦੇ ਨਾਲ ਲੱਗਦੀਆਂ ਹਰਿਆਣਾ ਦੀਆਂ ਬੱਸਾਂ ਵਿੱਚ ਵੀ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ।