ਬਿਹਾਰ ‘ਚ 5 ਸਾਲ ਬਾਅਦ ਨਿਤੀਸ਼ ਕੁਮਾਰ ਇਕ ਵਾਰ ਫਿਰ ਤੋਂ ਪੱਖ ਬਦਲ ਰਹੇ ਹਨ। ਬੀਜੇਪੀ ਨਾਲ ਚੱਲ ਰਹੀ ਖਿੱਚੋਤਾਣ ਦਰਮਿਆਨ ਸੀਐਮ ਨਿਤੀਸ਼ ਕੁਮਾਰ ਨੇ ਰਾਜਪਾਲ ਨੂੰ ਮਿਲਣ ਦਾ ਸਮਾਂ ਮੰਗਿਆ ਹੈ। ਦੁਪਹਿਰ 12.30 ਵਜੇ ਮੁੱਖ ਮੰਤਰੀ ਜੇਡੀਯੂ ਦੇ ਕੁਝ ਨੇਤਾਵਾਂ ਨਾਲ ਰਾਜ ਭਵਨ ਜਾਣਗੇ।
ਇੱਥੇ ਭਾਜਪਾ ਕੋਟੇ ਦੇ ਸਾਰੇ ਮੰਤਰੀ ਉਪ ਮੁੱਖ ਮੰਤਰੀ ਤਰਕਿਸ਼ੋਰ ਪ੍ਰਸਾਦ ਦੀ ਅਗਵਾਈ ਹੇਠ ਰਾਜਪਾਲ ਨੂੰ ਆਪਣੇ ਅਸਤੀਫ਼ੇ ਵੀ ਸੌਂਪਣਗੇ। ਸਾਰੇ ਮੰਤਰੀ ਪ੍ਰਸਾਦ ਦੀ ਰਿਹਾਇਸ਼ ‘ਤੇ ਪਹੁੰਚ ਗਏ ਹਨ।
ਬਿਹਾਰ ‘ਚ ਮਹਾਗਠਜੋੜ ਅਤੇ ਨਿਤੀਸ਼ ਕੁਮਾਰ ਵਿਚਾਲੇ ਡੀਲ ਪੱਕੀ ਹੋ ਗਈ ਹੈ। ਸਮਝੌਤੇ ਮੁਤਾਬਕ ਨਿਤੀਸ਼ ਕੁਮਾਰ ਇੱਕ ਵਾਰ ਫਿਰ ਮੁੱਖ ਮੰਤਰੀ ਹੋਣਗੇ। ਜਾਣਕਾਰੀ ਦਿੰਦਿਆਂ ਕਾਂਗਰਸੀ ਵਿਧਾਇਕ ਸ਼ਕੀਲ ਅਹਿਮਦ ਖਾਂ ਨੇ ਦੱਸਿਆ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਹੋਣਗੇ। ਪੁਰਾਣਾ ਮਹਾਗਠਬੰਧਨ ਨਵੇਂ ਸਿਰੇ ਤੋਂ ਬਣਾਇਆ ਜਾਵੇਗਾ, ਜਿਸ ਵਿੱਚ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਦੇ ਨਾਲ ਜਨਤਾ ਦਲ-ਯੂ ਨੂੰ ਸ਼ਾਮਲ ਕੀਤਾ ਜਾਵੇਗਾ।
ਸ਼ਕੀਲ ਅਹਿਮਦ ਖਾਨ ਨੇ ਕਿਹਾ, ਬਦਲਾਅ ਹਮੇਸ਼ਾ ਬਿਹਾਰ ਤੋਂ ਸ਼ੁਰੂ ਹੋਇਆ ਹੈ, ਇਸ ਲਈ ਮੌਜੂਦਾ ਬਦਲਾਅ ਕੋਈ ਨਵੀਂ ਗੱਲ ਨਹੀਂ ਹੈ।ਦੱਸ ਦਈਏ ਕਿ ਬਿਹਾਰ ਦੇ ਹੁਕਮਰਾਨ ਗੱਠਜੋੜ ਜਨਤਾ ਦਲ (ਯੂ) ਅਤੇ ਭਾਜਪਾ ਦੇ ਸਬੰਧਾਂ ’ਚ ਤਰੇੜ ਆ ਗਈ ਹੈ। ਆਰਜੇਡੀ, ਕਾਂਗਰਸ ਅਤੇ ਖੱਬੇ ਪੱਖੀ ਧਿਰਾਂ ਨੇ ਸੰਕੇਤ ਦਿੱਤੇ ਸਨ ਕਿ ਜੇਕਰ ਨਿਤੀਸ਼ ਕੁਮਾਰ ਭਾਜਪਾ ਤੋਂ ਵੱਖ ਹੁੰਦੇ ਹਨ ਤਾਂ ਉਹ ਉਨ੍ਹਾਂ ਨੂੰ ਹਮਾਇਤ ਦੇਣ ਲਈ ਤਿਆਰ ਹਨ।
ਉਧਰ, ਜਨਤਾ ਦਲ (ਯੂ) ਦੇ ਤਰਜਮਾਨ ਕੇ ਸੀ ਤਿਆਗੀ ਨੇ ਕੱਲ੍ਹ ਕਿਹਾ ਸੀ ਕਿ ਨਿਤੀਸ਼ ਕੁਮਾਰ ਦਾ ਪਾਰਟੀ ’ਚ ਪੂਰਾ ਆਧਾਰ ਹੈ ਅਤੇ ਪਾਰਟੀ ’ਚ ਕਿਸੇ ਕਿਸਮ ਦੀ ਟੁੱਟ ਦਾ ਸਵਾਲ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਪਾਰਟੀ ਜੋ ਵੀ ਫ਼ੈਸਲਾ ਲਵੇਗੀ, ਉਹ ਸਾਰਿਆਂ ਨੂੰ ਮਨਜ਼ੂਰ ਹੋਵੇਗਾ। ਉਧਰ, ਐੱਨਡੀਏ ਦੇ ਭਾਈਵਾਲ ਹਿੰਦੁਸਤਾਨੀ ਅਵਾਮ ਮੋਰਚਾ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਦਾਅਵਾ ਕੀਤਾ ਕਿ ਹੁਕਮਰਾਨ ਗੱਠਜੋੜ ’ਚ ਕੋਈ ਸੰਕਟ ਨਹੀਂ ਹੈ।









