ਮਨਦੀਪ ਕੌਰ ਖੁਦਕੁਸ਼ੀ ਮਾਮਲਾ: ਉੱਤਰ ਪ੍ਰਦੇਸ਼ ‘ਚ ਮਹਿਲਾ ਦੇ ਪਤੀ ਤੇ ਸਹੁਰਾ ਪਰਿਵਾਰ ਖਿਲਾਫ FIR ਹੋਈ ਦਰਜ

0
497

ਅਮਰੀਕਾ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੇ ਪਤੀ ਦੇ ਤਸ਼ੱਦਦ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਵਾਲੀ ਮਨਦੀਪ ਕੌਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਕਿ ਉਸ ਵੱਲੋਂ ਪੀੜਤ ਪਰਿਵਾਰ ਨੂੰ ਹਰ ਤਰ੍ਹਾਂ ਦੀ ਲੋੜੀਂਦੀ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ। ਉਧਰ, ਪੀੜਤਾ ਦੇ ਪਿਤਾ ਜਸਪਾਲ ਸਿੰਘ ਦੀ ਸ਼ਿਕਾਇਤ ’ਤੇ ਬਿਜਨੌਰ ਪੁਲੀਸ ਨੇ ਮਨਦੀਪ ਕੌਰ ਦੇ ਪਤੀ ਰਣਜੋਤਵੀਰ ਸਿੰਘ ਸੰਧੂ, ਸਹੁਰੇ ਮੁਖਤਾਰ ਸਿੰਘ, ਸੱਸ ਕੁਲਦੀਪ ਰਾਜ ਕੌਰ ਅਤੇ ਦਿਉਰ ਜਸਵੀਰ ਸਿੰਘ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਅਤੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕੀਤਾ ਹੈ।

ਮਨਦੀਪ ਕੌਰ ਨੇ ਆਨਲਾਈਨ ਵੀਡੀਓ ਸਾਂਝੀ ਕਰਨ ਮਗਰੋਂ ਤਿੰਨ ਅਗਸਤ ਨੂੰ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਉਸ ਨੇ ਵੀਡੀਓ ਵਿੱਚ ਆਪਣੇ ਪਤੀ ਰਣਜੋਤਵੀਰ ਸਿੰਘ ਸੰਧੂ ਵੱਲੋਂ ਉਸ ’ਤੇ ਪਿਛਲੇ ਕਈ ਸਾਲਾਂ ਤੋਂ ਕੀਤੇ ਜਾ ਰਹੇ ਤਸ਼ੱਦਦ ਬਾਰੇ ਜਾਣਕਾਰੀ ਦਿੱਤੀ ਸੀ। ਇਸ ਘਟਨਾ ਕਾਰਨ ਭਾਰਤ ਅਤੇ ਵਿਦੇਸ਼ਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸੇ ਦੌਰਾਨ ਟਵੀਟ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੇ ਲਿਖਿਆ, ‘‘ਅਸੀਂ ਕੁਈਨਜ਼ (ਨਿਊਯਾਰਕ) ਵਿੱਚ ਮਨਦੀਪ ਕੌਰ ਦੀ ਮੌਤ ਤੋਂ ਬਹੁਤ ਦੁਖੀ ਹਾਂ। ਅਸੀਂ ਸੰਘੀ ਅਤੇ ਸਥਾਨਕ ਪੱਧਰ ’ਤੇ ਅਮਰੀਕੀ ਅਧਿਕਾਰੀਆਂ ਦੇ ਨਾਲ ਨਾਲ ਭਾਈਚਾਰੇ ਦੇ ਸੰਪਰਕ ਵਿੱਚ ਹਾਂ। ਅਸੀਂ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ।’’ ਖੁਦਕੁਸ਼ੀ ਤੋਂ ਪਹਿਲਾਂ ਮਨਦੀਪ ਕੌਰ ਨੇ ਦਿਲ ਨੂੰ ਝੰਜੋੜ ਦੇਣ ਵਾਲੀ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਉਸ ਦੇ ਪਤੀ ਹੱਥੋਂ ਹੋਏ ਤਸ਼ੱਦਦ ਦਾ ਜ਼ਿਕਰ ਕੀਤਾ ਹੈ।

ਦੱਸ ਦਈਏ ਕਿ ਇਸ ਘਟਨਾ ਨੂੰ ਲੈ ਕੇ ਸ਼ੋਸ਼ਲ ਮੀਡੀਆ ਉੱਤੇ ਵੱਡੇ ਪੱਧਰ ’ਤੇ ਰੋਸ ਪੈਦਾ ਹੋ ਗਿਆ ਸੀ। ਇਸੇ ਦੌਰਾਨ ਪੀੜਤ ਦੀ ਭੈਣ ਕੁਲਦੀਪ ਕੌਰ ਨੇ ਦੱਸਿਆ ਕਿ ਵਿਆਹ ਮਗਰੋਂ ਪਹਿਲੇ ਦਿਨ ਤੋਂ ਹੀ ਸਹੁਰਾ ਪਰਿਵਾਰ ਮਨਦੀਪ ਕੌਰ ’ਤੇ ਤਸ਼ੱਦਦ ਕਰਦਾ ਰਹਿੰਦਾ ਸੀ। ਉਹ ਉਸ ਨੂੰ ਪੁੱਤਰ ਪੈਦਾ ਕਰਨ ਅਤੇ ਦਾਜ ਵਿੱਚ 50 ਲੱਖ ਰੁਪਏ ਲਿਆਉਣ ਦੀ ਮੰਗ ਕਰ ਰਹੇ ਸਨ। ਉਧਰ ਮਨਦੀਪ ਕੌਰ ਦੇ ਪਤੀ ਨੂੰ ਨਾਬਾਲਗ ਧੀਆਂ ਨੂੰ ਰੱਖਣ ਦੀ ਇਜਾਜ਼ਤ ਦੇਣ ’ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਇਸੇ ਦੌਰਾਨ ਅਮਰੀਕੀ ਅਧਿਕਾਰੀਆਂ ਨੇ ਵੀ ਆਪਣੇ ਪੱਧਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here