ਅਮਰੀਕਾ ਦੇ ਇੱਕ ਘਰ ‘ਚ ਵਾਪਰਿਆ ਦਰਦਨਾਕ ਹਾਦਸਾ, 3 ਬੱਚਿਆਂ ਸਮੇਤ 10 ਲੋਕਾਂ ਦੀ ਹੋਈ ਮੌਤ

0
999

ਅਮਰੀਕਾ ਦੇ ਇੱਕ ਘਰ ‘ਚ ਦਰਦਨਾਕ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਕਾਰਨ 3 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਅੱਗ ਬੁਝਾਉਣ ਲਈ ਪਹੁੰਚਿਆ ਇਕ ਵਲੰਟੀਅਰ ਫਾਇਰ ਫਾਈਟਰ ਉਸ ਸਮੇਂ ਹੈਰਾਨ ਰਹਿ ਗਿਆ, ਜਦੋਂ ਉਸ ਨੂੰ ਪਤਾ ਲੱਗਾ ਕਿ ਅੱਗ ਉਸ ਦੇ ਰਿਸ਼ਤੇਦਾਰ ਦੇ ਘਰ ਲੱਗੀ ਹੈ ਅਤੇ ਮਰਨ ਵਾਲਿਆਂ ਵਿਚ ਉਸ ਦਾ ਪੁੱਤਰ, ਧੀ, ਸਹੁਰਾ, ਪਤਨੀ ਦਾ ਭਰਾ, ਭੈਣ ਅਤੇ ਹੋਰ ਰਿਸ਼ਤੇਦਾਰ ਸ਼ਾਮਲ ਹਨ।

ਪੈਨਸਿਲਵੇਨੀਆ ਪੁਲਿਸ ਅਨੁਸਾਰ ਹਾਦਸੇ ਵਿੱਚ ਮਾਰੇ ਗਏ 3 ਬੱਚੇ ਕ੍ਰਮਵਾਰ 5, 6 ਅਤੇ 7 ਸਾਲ ਦੇ ਹਨ। ਨੇਸਕੋਪੇਕ ਵਾਲੰਟੀਅਰ ਫਾਇਰ ਕੰਪਨੀ ਦੇ ਫਾਇਰ ਫਾਈਟਰ ਹੈਰੋਲਡ ਬੇਕਰ ਨੇ ਫੋਨ ‘ਤੇ ਦੱਸਿਆ ਕਿ 10 ਮ੍ਰਿਤਕਾਂ ‘ਚ ਉਨ੍ਹਾਂ ਦਾ ਬੇਟਾ, ਬੇਟੀ, ਸਹੁਰਾ, ਪਤਨੀ ਦਾ ਭਰਾ, ਭੈਣ ਅਤੇ 5 ਹੋਰ ਰਿਸ਼ਤੇਦਾਰ ਸ਼ਾਮਲ ਹਨ। ਬੇਕਰ ਨੇ ਕਿਹਾ ਕਿ ਪਹਿਲਾਂ ਉਸ ਨੂੰ ਜੋ ਪਤਾ ਦਿੱਤਾ ਗਿਆ ਸੀ, ਉਹ ਇੱਕ ਗੁਆਂਢ ਦੇ ਇਕ ਘਰ ਦਾ ਸੀ, ਪਰ ਘਟਨਾ ਵਾਲੀ ਥਾਂ ‘ਤੇ ਪਹੁੰਚਣ ‘ਤੇ ਉਸ ਨੂੰ ਪਤਾ ਲੱਗਾ ਕਿ ਇਹ ਉਸ ਦੇ ਰਿਸ਼ਤੇਦਾਰ ਦਾ ਘਰ ਹੈ।

ਨੇਸਕੋਪੇਕ ਸਥਿਤ ਇਸ ਘਰ ‘ਚ ਸ਼ੁੱਕਰਵਾਰ ਦੇਰ ਰਾਤ 2.30 ਵਜੇ ਤੋਂ ਬਾਅਦ ਅੱਗ ਲੱਗੀ। ਐਮਰਜੈਂਸੀ ਪਹੁੰਚਣ ਤੋਂ ਤੁਰੰਤ ਬਾਅਦ ਇੱਕ ਵਿਅਕਤੀ ਘਰ ਦੇ ਅੰਦਰ ਮ੍ਰਿਤਕ ਪਾਇਆ ਗਿਆ। 2 ਹੋਰਾਂ ਦੀਆਂ ਲਾਸ਼ਾਂ ਸਵੇਰੇ ਮਿਲੀਆਂ। ਰਾਜ ਪੁਲਸ ਅਤੇ ਅਪਰਾਧਿਕ ਜਾਂਚਕਰਤਾ ਮਾਮਲੇ ਦੀ ਜਾਂਚ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਲੋਕ ਸੜਦੇ ਘਰ ਵਿਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ। ਫਾਇਰ ਕੰਪਨੀ ਸੈਕਟਰੀ ਹੇਡੀ ਨੌਰ ਨੇ ਕਿਹਾ ਕਿ ਮਰਨ ਵਾਲਿਆਂ ਵਿੱਚੋਂ ਇੱਕ 19 ਸਾਲਾ ਡੇਲ ਬੇਕਰ ਫਾਇਰਫਾਈਟਰ ਸੀ, ਜੋ 16 ਸਾਲ ਦੀ ਉਮਰ ਵਿੱਚ ਕੰਪਨੀ ਵਿੱਚ ਸ਼ਾਮਲ ਹੋਇਆ ਸੀ।

ਉਨ੍ਹਾਂ ਕਿਹਾ ਕਿ ਡੇਲ ਬੇਕਰ ਦੇ ਮਾਤਾ-ਪਿਤਾ ਦੋਵੇਂ ਫਾਇਰ ਸਰਵਿਸ ਦੇ ਮੈਂਬਰ ਸਨ ਅਤੇ ਪਰਿਵਾਰ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦਾ ਹੈ। ਹਾਦਸੇ ਵਿੱਚ ਬੇਕਰ ਦੇ ਰਿਸ਼ਤੇਦਾਰਾਂ ਦੀ ਮੌਤ ਹੋਣ ਕਾਰਨ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਬੇਕਰ ਨੇ ਦੱਸਿਆ ਕਿ ਇਸ ਘਰ ਵਿੱਚ 14 ਲੋਕ ਰਹਿ ਰਹੇ ਸਨ। ਉਨ੍ਹਾਂ ਵਿੱਚੋਂ ਇੱਕ ਅਖ਼ਬਾਰ ਵੰਡਣ ਲਈ ਘਰੋਂ ਬਾਹਰ ਨਿਕਲਿਆ ਸੀ ਅਤੇ 3 ਹੋਰ ਬਚ ਗਏ। ਬੇਕਰ ਨੇ ਦੱਸਿਆ, ‘ਉੱਥੇ ਬੱਚੇ ਸਨ ਅਤੇ ਮੇਰੇ 2 ਬੱਚੇ ਆਪਣੇ ਨਾਨਾ-ਨਾਨੀ ਨੂੰ ਮਿਲਣ ਗਏ ਸਨ।’ ਪੈਨਸਿਲਵੇਨੀਆ ਪੁਲਸ ਅਧਿਕਾਰੀ ਲੈਫਟੀਨੈਂਟ ਡੇਰੇਕ ਫੇਲਡਸਮੈਨ ਨੇ ਕਿਹਾ, ‘ਇੱਕ ਗੁੰਝਲਦਾਰ ਅਪਰਾਧਿਕ ਜਾਂਚ ਚੱਲ ਰਹੀ ਹੈ। ਬਚੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।’

LEAVE A REPLY

Please enter your comment!
Please enter your name here