ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ‘ਤੇ ਪਾਕਿਸਤਾਨ ਦੀ ਕਿਸੇ ਵੀ ਨਾਪਾਕ ਹਰਕਤ ਨੂੰ ਰੋਕਣ ਲਈ ਵੀਰਵਾਰ ਰਾਤ ਨੂੰ ਪੰਜਾਬ ਦੇ 550 ਕਿ.ਮੀ. ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਨਾਕੇ ਲਾਏ ਗਏ। ਦੱਸ ਦਈਏ ਕਿ ਇਸ ਮੁਹਿੰਮ ਵਿੱਚ ਪੰਜਾਬ ਪੁਲਿਸ ਦੇ ਨਾਲ-ਨਾਲ ਬੀ.ਐਸ.ਐਫ ਨੇ ਵੀ ਸਹਿਯੋਗ ਦਿੱਤਾ। ਇਹ ਸਰਚ ਆਪਰੇਸ਼ਨ ਏਡੀਜੀਪੀ ਲਾਅ ਐਂਡ ਆਰਡਰ ਨਰੇਸ਼ ਕੁਮਾਰ ਦੀ ਨਿਗਰਾਨੀ ਹੇਠ ਇੱਕੋ ਸਮੇਂ 7 ਜ਼ਿਲ੍ਹਿਆਂ ਵਿੱਚ ਚਲਾਇਆ ਗਿਆ।
ਜਿਸ ਵਿੱਚ 2500 ਪੁਲਿਸ ਮੁਲਾਜ਼ਮਾਂ ਨੇ 100 ਨਾਕੇ ਲਗਾਏ। ਏਡੀਜੀਪੀ ਨਰੇਸ਼ ਕੁਮਾਰ ਨੇ ਦੱਸਿਆ ਕਿ ਇਹ ਨਾਕੇ ਹੁਣ ਰੋਜ਼ਾਨਾ ਲਗਾਏ ਜਾਣਗੇ ਤਾਂ ਜੋ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਆਵਾਜਾਈ ਅਤੇ ਸਰਹੱਦ ‘ਤੇ ਹੋਣ ਵਾਲੀ ਕਿਸੇ ਵੀ ਹਰਕਤ ‘ਤੇ ਨਜ਼ਰ ਰੱਖੀ ਜਾ ਸਕੇ। ਰਾਤ ਦੀ ਮੁਹਿੰਮ ਵਿੱਚ ਪੰਜਾਬ ਦੇ 550 ਕਿਲੋਮੀਟਰ ਦੇ ਸਰਹੱਦੀ ਖੇਤਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਵਿੱਚ 7 ਆਈਜੀ ਰੈਂਕ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਸਨ। ਜਿਨ੍ਹਾਂ ਨੇ ਸਥਾਨਕ ਐਸਐਸਪੀ ਅਧਿਕਾਰੀਆਂ ਨਾਲ ਮਿਲ ਕੇ ਰਾਤ ਸਮੇਂ ਨਾਕਿਆਂ ਦੀ ਨਿਗਰਾਨੀ ਕੀਤੀ ਅਤੇ ਤਲਾਸ਼ੀ ਮੁਹਿੰਮ ਚਲਾਈ।