PGI ਨੇ ਬੰਦ ਕੀਤਾ ਪੰਜਾਬ ਵਾਸੀਆਂ ਦਾ ਮੁਫਤ ਇਲਾਜ, ਜਾਣੋ ਵਜ੍ਹਾ

0
4849

ਸਿਹਤ ਬੀਮਾ ਯੋਜਨਾ ਆਯੂਸ਼ਮਾਨ ਭਾਰਤ ਤਹਿਤ 16 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਨਾ ਕੀਤੇ ਜਾਣ ਤੋਂ ਬਾਅਦ ਪੀਜੀਆਈ ਨੇ ਸੂਬੇ ਦੇ ਮਰੀਜ਼ਾਂ ਦਾ ਇਸ ਸਕੀਮ ਤਹਿਤ ਇਲਾਜ ਬੰਦ ਕਰ ਦਿੱਤਾ ਹੈ। ਇਸ ਲਈ ਰਾਜਾ ਵੜਿੰਗ ਨੇ ਇਸਦਾ ਵਿਰੋਧ ਕੀਤਾ ਹੈ ਤੇ ਪੰਜਾਬ ਸਰਕਾਰ ‘ਤੇ ਤੰਜ ਕੱਸਿਆ ਹੈ। ਰਾਜਾ ਵੜਿੰਗ ਨੇ ਕਿਹਾ ਭਗਵੰਤ ਮਾਨ ਜੀ ਕੀ ਇਹ ਹੈਲਥ ਮਾਡਲ ਤੁਸੀਂ ਸਾਡੇ ‘ਤੇ ਥੋਪਣ ਦੀ ਕੋਸ਼ਿਸ਼ ਕਰ ਰਹੇ ਹੋ? ਹੁਣ ਤਾਂ ਪੀਜੀਆਈ ਚੰਡੀਗੜ੍ਹ ਨੇ ਵੀ ਸਾਡੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ @AAPPunjab ਸਰਕਾਰ ਬਕਾਇਆ ਦੇਣ ਵਿੱਚ ਅਸਫਲ ਰਹੀ ਹੈ। ਜਾਂ ਜਾਣਬੁੱਝ ਕੇ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਜੋ ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਲਈ ਮਜਬੂਰ ਹੋ ਜਾਣ?

ਪੰਜਾਬ ਸਰਕਾਰ ਵੱਲੋਂ 21 ਦਸੰਬਰ 2021 ਤੋਂ ਸਿਹਤ ਬੀਮਾ ਯੋਜਨਾ ਆਯੂਸ਼ਮਾਨ ਭਾਰਤ ਤਹਿਤ 16 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਨਾ ਕੀਤੇ ਜਾਣ ਤੋਂ ਬਾਅਦ ਪੀਜੀਆਈ ਨੇ ਸੂਬੇ ਦੇ ਮਰੀਜ਼ਾਂ ਦਾ ਇਸ ਸਕੀਮ ਤਹਿਤ ਇਲਾਜ ਬੰਦ ਕਰ ਦਿੱਤਾ ਹੈ। ਸੂਬਾ ਸਰਕਾਰ ਦੇ ਅਫ਼ਸਰਾਂ ਦੀ ਅਣਗਹਿਲੀ ਕਰਕੇ ਹੁਣ ਇਸ ਸਕੀਮ ਤਹਿਤ ਪੰਜਾਬ ਦਾ ਕੋਈ ਵੀ ਵਾਸੀ ਚੰਡੀਗੜ੍ਹ ਦੇ ਪੀ.ਜੀ.ਆਈ ‘ਚ ਨਕਦੀ ਰਹਿਤ ਇਲਾਜ ਨਹੀਂ ਕਰ ਸਕਦਾ ਹੈ।

ਆਯੂਸ਼ਮਾਨ ਭਾਰਤ ਯੋਜਨਾ ਦੇ ਨੋਡਲ ਅਫਸਰ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਰਾਜ ਦੇ ਆਯੂਸ਼ਮਾਨ ਭਾਰਤ ਯੋਜਨਾ ਦੇ ਲਾਭਪਾਤਰੀ 1 ਅਗਸਤ ਤੋਂ ਇਸ ਸਕੀਮ ਦੇ ਤਹਿਤ ਲਾਭ ਲੈਣ ਦੇ ਯੋਗ ਨਹੀਂ ਹੋਣਗੇ। ਨਵੇਂ ਦਾਖਲੇ ਦੀ ਮੰਗ ਕਰਨ ਵਾਲੇ ਕਿਸੇ ਵੀ ਲਾਭਪਾਤਰੀ ਨੂੰ ਨਿਯਮਤ ਮਰੀਜ਼ਾਂ ਵਾਂਗ ਉਪਭੋਗਤਾ ਫੀਸ ਅਦਾ ਕਰਨੀ ਪਵੇਗੀ। ਦੂਜੇ ਰਾਜਾਂ ਦੇ ਲਾਭਪਾਤਰੀ ਆਮ ਵਾਂਗ ਸੇਵਾਵਾਂ ਦਾ ਲਾਭ ਲੈਂਦੇ ਰਹਿਣਗੇ।

ਆਯੂਸ਼ਮਾਨ ਭਾਰਤ – ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 20 ਅਗਸਤ 2019 ਨੂੰ ਸ਼ੁਰੂ ਕੀਤੀ ਗਈ ਸੀ। ਇਹ ਸਕੀਮ ਵਿੱਤੀ ਸੁਰੱਖਿਆ ਪ੍ਰਦਾਨ ਕਰ ਕੇ ਸਿਹਤ ਸੁਰੱਖਿਆ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ। ਇਹ ਇੱਕ ਹੱਕ ਅਧਾਰਤ ਸਿਹਤ ਬੀਮਾ ਕਵਰ ਹੈ ਜਿਸ ਵਿਚ ਪੰਜ ਲੱਖ ਰੁਪਏ ਪ੍ਰਤੀ ਪਰਿਵਾਰ, ਪ੍ਰਤੀ ਸਾਲ ਮੁਹਈਆ ਕਰਵਾਇਆ ਜਾਂਦਾ ਹੈ। ਇਸ ਸਕੀਮ ਤਹਿਤ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਨਕਦੀ ਰਹਿਤ ਅਤੇ ਕਾਗਜ਼ ਰਹਿਤ ਇਲਾਜ ਉਪਲਬਧ ਹੈ।

ਇਸਤੋਂ ਪਹਿਲਾਂ ਮਾਰਚ ਦੇ ਮਹੀਨੇ ਵੀ ਚੰਡੀਗੜ੍ਹ ਸਥਿਤ ਸੈਕਟਰ 32 ਦੇ ਸਰਕਾਰੀ ਹਸਪਤਾਲ ਨੇ 2.3 ਕਰੋੜ ਰੁਪਏ ਦੇ ਬਕਾਏ ਨੂੰ ਵੇਖਦਿਆਂ ਪੰਜਾਬ ਦੇ ਮਰੀਜ਼ਾਂ ਦੇ ਨਕਦੀ ਰਹਿਤ ਇਲਾਜ ‘ਤੇ ਰੋਕ ਲਾ ਦਿੱਤੀ ਸੀ। ਪੰਜਾਬ ਸਰਕਾਰ ‘ਤੇ ਇਸ ਸਕੀਮ ਤਹਿਤ ਚੰਡੀਗੜ੍ਹ ਦੇ ਜੀਐਮਸੀਐਚ (ਸੈਕਟਰ 32), ਜੀਐਮਐਸਐਚ (ਸੈਕਟਰ 16) ਅਤੇ ਪ੍ਰਾਈਵੇਟ ਹਸਪਤਾਲਾਂ ਦਾ 3 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਹੈ।

LEAVE A REPLY

Please enter your comment!
Please enter your name here