ਜੇ.ਈ. ਦੀ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕੜੇ ਲਾਹੁਣ ਲਈ ਮਜ਼ਬੂਰ ਕਰਨ ਦਾ ਭਖਿਆ ਮਾਮਲਾ, ਐਡਵੋਕੇਟ ਧਾਮੀ ਨੇ ਲਿਆ ਨੋਟਿਸ

0
519

ਪੰਜਾਬ ਦੀ ਧਰਤੀ ’ਤੇ ਹੁੰਦੀਆਂ ਸਰਕਾਰੀ ਪ੍ਰੀਖਿਆਵਾਂ ਦੌਰਾਨ ਪ੍ਰੀਖਿਆ ਕੇਂਦਰ ਵਿਚ ਦਾਖ਼ਲ ਹੋਣ ਲਈ ਸਿੱਖ ਵਿਦਿਆਰਥੀਆਂ ਨੂੰ ਕਕਾਰ ਉਤਾਰਨ ਲਈ ਮਜ਼ਬੂਰ ਕਰਨ ਦੇ ਮਾਮਲੇ ਸਰਕਾਰ ਦੀ ਸਿੱਖਾਂ ਪ੍ਰਤੀ ਬਦਨੀਤੀ ਨੂੰ ਦਰਸਾਉਣ ਵਾਲੇ ਹਨ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਠਿੰਡਾ ਦੇ ਮਲੋਟ ਰੋਡ ਸਥਿਤ ਰੀਜਨਲ ਪੋਲੀਟੈਕਨਿਕ ਕਾਲਜ ’ਚ ਪ੍ਰਸ਼ਾਸਨ ਵੱਲੋਂ ਜੇ.ਈ. ਦੀ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕੜੇ ਉਤਾਰਨ ਲਈ ਮਜਬੂਰ ਕਰਨ ’ਤੇ ਪ੍ਰਤੀਕਰਮ ਦਿੰਦਿਆਂ ਕੀਤਾ।

ਐਡਵੋਕੇਟ ਧਾਮੀ ਨੇ ਕਿਹਾ ਕਿ ਕਕਾਰ ਸਿੱਖ ਰਹਿਣੀ ਦਾ ਅਹਿਮ ਅੰਗ ਹਨ, ਜਿਨ੍ਹਾਂ ਨੂੰ ਸਿੱਖ ਆਪਣੇ ਸਰੀਰ ਤੋਂ ਕਦੇ ਵੀ ਅਲੱਗ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਪਹਿਲਾਂ ਦੇਸ਼ ਦੇ ਦੂਜੇ ਸੂਬਿਆਂ ਤੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਸਨ, ਜਿਸ ਵਿਚ ਸਿੱਖ ਪ੍ਰੀਖਿਆਰਥੀਆਂ ਨੂੰ ਕਕਾਰ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਸੀ। ਪਰ ਹੁਣ ਪੰਜਾਬ ਵਿਚ ਅਜਿਹਾ ਵਾਪਰਨਾ ਦੁਖਦਾਈ ਤਾਂ ਹੈ ਹੀ ਨਾਲ ਹੀ ਪੰਜਾਬ ਸਰਕਾਰ ਦੀ ਕਾਰਜਸ਼ੈਲੀ ’ਤੇ ਵੀ ਵੱਡਾ ਸਵਾਲ ਹੈ।

ਉਨ੍ਹਾਂ ਕਿਹਾ ਕਿ ਇਹ ਤਾਂ ਹੋ ਨਹੀਂ ਸਕਦਾ ਕਿ ਪੰਜਾਬ ਵਿਚ ਰਹਿਣ ਵਾਲਿਆਂ ਨੂੰ ਸਿੱਖ ਧਰਮ ਦੇ ਕਕਾਰਾਂ ਅਤੇ ਇਸ ਦੀ ਅਹਿਮੀਅਤ ਬਾਰੇ ਜਾਣਕਾਰੀ ਨਾ ਹੋਵੇ। ਇਨ੍ਹਾਂ ਘਟਨਾਵਾਂ ਨਾਲ ਇੰਝ ਲੱਗਦਾ ਹੈ ਕਿ ਜਿਵੇਂ ਸਿੱਖਾਂ ਨੂੰ ਚਿੜਾਉਣ ਦੇ ਯਤਨ ਹੋ ਰਹੇ ਹੋਣ। ਉਨ੍ਹਾਂ ਕਿਹਾ ਕਿ ਇਹ ਘਟਨਾ ਸਿੱਖ ਭਾਵਨਾਵਾਂ ਨੂੰ ਆਹਤ ਕਰਨ ਵਾਲੀ ਹੈ, ਜਿਸ ਪ੍ਰਤੀ ਸੰਗਤਾਂ ਵਿਚ ਵੱਡਾ ਰੋਸ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਇਸ ਘਟਨਾ ਦੇ ਦੋਸ਼ੀ ਅਧਿਕਾਰੀਆਂ ਖਿਲਾਫ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਦਾ ਮੁਕੱਦਮਾ ਦਰਜ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਅੱਗੇ ਤੋਂ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਵਿਚ ਅਜਿਹੀ ਘਟਨਾ ਨਾ ਵਾਪਰੇ।

LEAVE A REPLY

Please enter your comment!
Please enter your name here