ਰਾਣਾ ਸੋਢੀ ਵੱਲੋਂ ਪੰਜਾਬ ਦੇ ਸਟੇਡੀਅਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਲਈ ਖੋਲ੍ਹਣ ਦੀ ਕੀਤੀ ਹਦਾਇਤ

0
57

ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਪੱਤਰ ਜਾਰੀ; ਕੋਵਿਡ ਦੀ ਰੋਕਥਾਮ ਲਈ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ

ਖਿਡਾਰੀਆਂ ਦੀ ਮਾਨਸਿਕ ਸਿਖਲਾਈ ਉਤੇ ਵੀ ਦਿੱਤਾ ਜਾ ਰਿਹੈ ਜ਼ੋਰ: ਖਰਬੰਦਾ

ਚੰਡੀਗੜ੍ਹ : ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੋਰੋਨਾ ਦੀ ਦੂਜੀ ਲਹਿਰ ਦੇ ਘਟ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੌਮੀ ਅਤੇ ਕੌਮਾਂਤਰੀ ਟੂਰਨਾਮੈਂਟਾਂ ਵਿੱਚ ਭਾਗ ਲੈਣ ਦੇ ਇੱਛੁਕ ਖਿਡਾਰੀਆਂ ਲਈ ਤਿਆਰੀਆਂ ਕਰਨ ਵਾਸਤੇ ਪੰਜਾਬ ਦੇ ਸਾਰੇ ਸਟੇਡੀਅਮ ਖੋਲ੍ਹਣ ਸਬੰਧੀ ਖੇਡ ਵਿਭਾਗ ਨੂੰ ਹਦਾਇਤ ਕੀਤੀ ਹੈ। ਸੂਬੇ ਦੇ ਸਾਰੇ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਨਿਰਦੇਸ਼ ਜਾਰੀ ਕਰਦਿਆਂ ਰਾਣਾ ਸੋਢੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਖਿਡਾਰੀ ਅਤੇ ਖਿਡਾਰਨਾਂ ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਵਿੱਚ ਭਾਗ ਲੈਣਾ ਚਾਹੁੰਦੇ ਹਨ, ਉਨ੍ਹਾਂ ਦੀ ਤਿਆਰੀ ਕਰਨ ਸਬੰਧੀ ਖਿਡਾਰੀਆਂ ਨੂੰ ਰਾਜ ਦੇ ਸਟੇਡੀਅਮਾਂ ਵਿੱਚ ਪ੍ਰੈਕਟਿਸ ਕਰਨ ਦੀ ਛੋਟ ਦਿੱਤੀ ਜਾਵੇ ਕਿਉਂਕਿ ਹੁਣ ਕੋਰੋਨਾ ਦੇ ਮਾਮਲੇ ਘਟੇ ਹਨ।

ਉਨ੍ਹਾਂ ਕਿਹਾ ਕਿ ਖਿਡਾਰੀਆਂ ਤੇ ਕੋਚਾਂ ਨੂੰ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੋਵਿਡ-19 ਦੀ ਰੋਕਥਾਮ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣੀ ਪਵੇਗੀ। ਇਸ ਸਬੰਧੀ ਸਾਰੇ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਟੂਰਨਾਮੈਂਟਾਂ ਲਈ ਤਿਆਰ ਰੱਖਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਤਾਂ ਜੋ ਖਿਡਾਰੀ ਸੂਬੇ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਵਿੱਚ ਖੇਡਾਂ ਪੱਖੀ ਮਾਹੌਲ ਸਿਰਜਣ ਲਈ ਦਿਨ-ਰਾਤ ਕੰਮ ਕਰ ਰਹੀ ਹੈ ਤਾਂ ਕਿ ਨੌਜਵਾਨਾਂ ਨੂੰ ਨਸ਼ਿਆਂ ਵਾਲੇ ਪਾਸਿਉਂ ਹਟਾ ਕੇ ਉਸਾਰੂ ਕੰਮਾਂ ਵਿੱਚ ਲਾਇਆ ਜਾ ਸਕੇ।

ਹਾਲ ਹੀ ਵਿੱਚ ਪਟਿਆਲਾ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਅਤੇ ਉਲੰਪਿਕ ਤੇ ਹੋਰ ਮੁਕਾਬਲਿਆਂ ਵਿੱਚ ਤਮਗੇ ਜਿੱਤਣ ਵਾਲਿਆਂ ਲਈ ਇਨਾਮੀ ਰਾਸ਼ੀ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ। ਇਸ ਦੌਰਾਨ ਵਿਸ਼ੇਸ਼ ਸਕੱਤਰ-ਕਮ- ਡਾਇਰੈਕਟਰ ਖੇਡਾਂ ਅਤੇ ਯੁਵਕ ਸੇਵਾਵਾਂ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਰਾਜ ਦੇ ਸਟੇਡੀਅਮਾਂ ਨੂੰ ਖਿਡਾਰੀਆਂ ਲਈ ਖੋਲ੍ਹਣ ਬਾਰੇ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਪ੍ਰਬੰਧ ਮੁਕੰਮਲ ਕਰਨ ਲਈ ਕਹਿ ਦਿੱਤਾ ਗਿਆ ਹੈ ਤਾਂ ਕਿ ਕੋਵਿਡ ਦੀ ਰੋਕਥਾਮ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਂਦਿਆਂ ਖਿਡਾਰੀਆਂ ਦੀ ਤਿਆਰੀ ਵਿੱਚ ਕੋਈ ਘਾਟ ਨਾ ਰਹੇ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੂੰ ਮਾਨਸਿਕ ਤੌਰ ਉਤੇ ਵੀ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here