ਅਗਨੀਪਥ ਯੋਜਨਾ ਦਾ ਦੇਸ਼ ਭਰ ‘ਚ ਵਿਰੋਧ ਹੋ ਰਿਹਾ ਹੈ। ਇਸੇ ਦੌਰਾਨ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਫੌਜ ‘ਚ ਭਰਤੀ ਦੀ ਨਵੀਂ ਅਗਨੀਪੱਥ ਯੋਜਨਾ ਦੇ ਵਿਰੋਧ ‘ਤੇ ਦੁੱਖ ਜ਼ਾਹਰ ਕੀਤਾ ਹੈ ਅਤੇ ਇਸ ਦੇ ਨਾਲ ਹੀ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਵੱਡਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਸਿਖਲਾਈ ਪ੍ਰਾਪਤ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਹ ਪੇਸ਼ਕਸ਼ ਅਜਿਹੇ ਸਮੇਂ ‘ਚ ਆਈ ਹੈ ਜਦੋਂ ਸਰਕਾਰ ਅਤੇ ਵੱਖ-ਵੱਖ ਮੰਤਰਾਲਿਆਂ ਨੇ ਅਗਨੀਪਥ ਯੋਜਨਾ ਦੇ ਖਿਲਾਫ ਦੇਸ਼ ਭਰ ‘ਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਸਾਰੀਆਂ ਰਿਆਇਤਾਂ ਦਾ ਐਲਾਨ ਕੀਤਾ ਹੈ। ਇਸ ਦੇ ਬਾਵਜੂਦ ਇਸ ਯੋਜਨਾ ਦੇ ਵਿਰੋਧ ‘ਚ ਸੋਮਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਆਨੰਦ ਮਹਿੰਦਰਾ ਨੇ ਸੋਮਵਾਰ ਸਵੇਰੇ ਟਵੀਟ ਕੀਤਾ ਅਤੇ ਲਿਖਿਆ ਕਿ ਮੈਂ ਅਗਨੀਪਥ ਯੋਜਨਾ ਨੂੰ ਲੈ ਕੇ ਚੱਲ ਰਹੇ ਵਿਰੋਧ ਤੋਂ ਦੁਖੀ ਹਾਂ। ਪਿਛਲੇ ਸਾਲ ਜਦੋਂ ਇਸ ਸਕੀਮ ਦਾ ਵਿਚਾਰ ਆਇਆ ਸੀ, ਮੈਂ ਜੋ ਕਿਹਾ ਸੀ, ਉਸ ਨੂੰ ਮੈਂ ਦੁਬਾਰਾ ਦੁਹਰਾਉਂਦਾ ਹਾਂ ਕਿ ਇਸ ਤਹਿਤ ਅਗਨੀਵੀਰ ਜੋ ਅਨੁਸ਼ਾਸਨ ਅਤੇ ਹੁਨਰ ਸਿੱਖੇਗਾ, ਉਹ ਉਸਨੂੰ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਮਹਿੰਦਰਾ ਗਰੁੱਪ ਅਜਿਹੇ ਸਿੱਖਿਅਤ, ਕਾਬਲ ਨੌਜਵਾਨਾਂ ਦੀ ਭਰਤੀ ਦਾ ਸੁਆਗਤ ਕਰਦਾ ਹੈ।
ਆਨੰਦ ਮਹਿੰਦਰਾ ਦੇ ਇਸ ਐਲਾਨ ਦਾ ਟਵਿਟਰ ‘ਤੇ ਸਾਰੇ ਲੋਕਾਂ ਨੇ ਸਵਾਗਤ ਕੀਤਾ ਹੈ। ਇਕ ਯੂਜ਼ਰ ਨੇ ਸਵਾਲ ਪੁੱਛਿਆ ਕਿ ਮਹਿੰਦਰਾ ਗਰੁੱਪ ‘ਚ ਅਗਨੀਵੀਰ ਨੂੰ ਕਿਹੜੀ ਪੋਸਟ ਦਿੱਤੀ ਜਾਵੇਗੀ? ਇਸ ਦੇ ਜਵਾਬ ਵਿੱਚ ਆਨੰਦ ਮਹਿੰਦਰਾ ਨੇ ਕਿਹਾ ਕਿ ਕਾਰਪੋਰੇਟ ਸੈਕਟਰ ਵਿੱਚ ਅਗਨੀਵੀਰਾਂ ਲਈ ਰੁਜ਼ਗਾਰ ਦੇ ਬੇਅੰਤ ਮੌਕੇ ਹਨ। ਉਨ੍ਹਾਂ ਕਿਹਾ ਕਿ ਲੀਡਰਸ਼ਿਪ, ਟੀਮ ਵਰਕ ਅਤੇ ਫਿਜ਼ੀਕਲ ਟਰੇਨਿੰਗ ਸਦਕਾ ਇੰਡਸਟਰੀ ਨੂੰ ਅਗਨੀਵੀਰ ਦੇ ਰੂਪ ਵਿੱਚ ਮਾਰਕੀਟ ਦੇ ਹਿਸਾਬ ਨਾਲ ਤਿਆਰ ਪੇਸ਼ੇਵਰ ਪ੍ਰਾਪਤ ਹੋਣਗੇ। ਸੰਚਾਲਨ ਤੋਂ ਲੈ ਕੇ ਪ੍ਰਸ਼ਾਸਨ ਅਤੇ ਸਪਲਾਈ ਚੇਨ ਪ੍ਰਬੰਧਨ ਤੱਕ ਪੂਰਾ ਬਾਜ਼ਾਰ ਉਨ੍ਹਾਂ ਲਈ ਖੁੱਲ੍ਹਾ ਹੋਵੇਗਾ।