ਲੋਕ ਸਭਾ ਹਲਕਾ-12 ਸੰਗਰੂਰ ਦੇ ਰਿਟਰਨਿੰਗ ਅਫਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਹਲਕੇ ਵਿੱਚ ਚੋਣਾਂ ਸਬੰਧੀ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਜ਼ਿਮਨੀ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਦੇ ਮੱਦੇਨਜ਼ਰ ਸਾਰੇ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ।
ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕਾ-ਸੰਗਰੂਰ ਅਧੀਨ ਪੈਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੀ ਸਰਕਾਰੀ ਮਸ਼ੀਨਰੀ 24 ਘੰਟੇ ਕੰਮ ਕਰ ਰਹੀ ਹੈ ਤਾਂ ਜੋ ਸਾਂਤਮਈ, ਸੁਤੰਤਰ ਅਤੇ ਨਿਰਪੱਖ ਢੰਗ ਨਾਲ ਚੋਣਾਂ ਦੇ ਅਮਲ ਨੂੰ ਨੇਪਰੇ ਚਾੜਿਆ ਜਾ ਸਕੇ।
ਉਨਾਂ ਦੱਸਿਆ ਕਿ ਹਲਕੇ ਵਿੱਚ ਕੁੱਲ 15,69,240 ਵੋਟਰ ਹਨ ਜਿਨਾਂ ਵਿੱਚ 8,30,056 ਪੁਰਸ਼, 7,39,140 ਔਰਤਾਂ ਅਤੇ 44 ਟਰਾਂਸਜੈਂਡਰ ਸ਼ਾਮਲ ਹਨ। ਉਨਾਂ ਕਿਹਾ ਕਿ ਇਸ ਜ਼ਿਮਨੀ ਚੋਣ ਲਈ ਕੁੱਲ 16 ਉਮੀਦਵਾਰ- 13 ਪੁਰਸ਼ ਅਤੇ 3 ਔਰਤਾਂ ਮੈਦਾਨ ਵਿੱਚ ਹਨ।
ਸੰਗਰੂਰ ਲੋਕ ਸਭਾ ਹਲਕੇ ਵਿੱਚ 23 ਜੂਨ, 2022 ਨੂੰ ਸਵੇਰੇ 8:00 ਵਜੇ ਤੋਂ ਸਾਮ 6:00 ਵਜੇ ਤੱਕ ਵੋਟਿੰਗ ਹੋਵੇਗੀ , ਜਦਕਿ ਵੋਟਾਂ ਦੀ ਗਿਣਤੀ 26 ਜੂਨ, 2022 ਨੂੰ ਹੋਵੇਗੀ।
ਚੋਣਾਂ ਦੇ ਅਮਲ ਦੌਰਾਨ ਅਮਨ-ਕਾਨੂੰਨ ਦੀ ਬਾਕਾਇਦਗੀ ਸਬੰਧੀ ਜਾਣਕਾਰੀ ਦਿੰਦਿਆਂ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਨ ਲਈ ਹਲਕੇ ਭਰ ’ਚ ਤਾਇਨਾਤ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਪੈਸੇ ਵੰਡਕੇ ਵੋਟਾਂ ਖਰੀਦਣ ਵਰਗੀਆਂ ਗ਼ੈਰ-ਜਮਹੂਰੀ ਘਟਨਾਵਾਂ ਨੂੰ ਰੋਕਣ ਲਈ ਬੜੀ ਚੌਕਸੀ ਨਾਲ ਤਲਾਸ਼ੀ ਲਈ ਜਾ ਰਹੀ ਹੈ।
ਜਤਿੰਦਰ ਜੋਰਵਾਲ ਨੇ ਕਿਹਾ ਕਿ ਵੋਟਰਾਂ ਨੂੰ ਲੁਭਾਉਣ ਲਈ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਪੈਸੇ ਦੀ ਵੰਡ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਸਮੂਹ ਏ.ਆਰ.ਓਜ਼ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਤਿੱਖੀ ਨਜਰ ਰੱਖੀ ਜਾ ਰਹੀ ਹੈ ਅਤੇ ਇਤਲਾਹ ਜਾਂ ਸ਼ਿਕਾਇਤ ਮਿਲਣ ‘ਤੇ ਤੁਰੰਤ ਛਾਪੇਮਾਰੀ ਕੀਤੀ ਜਾਵੇਗੀ।
ਉਨਾਂ ਇਹ ਵੀ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ 21 ਜੂਨ 2022 ਨੂੰ ਸ਼ਾਮ 6 ਵਜੇ ਤੋਂ 23 ਜੂਨ 2022 ਨੂੰ ਵੋਟਾਂ ਪੈਣ ਤੱਕ ਸੰਗਰੂਰ ਲੋਕ ਸਭਾ ਹਲਕੇ ਵਿੱਚ ਮੁਕੰਮਲ ਡਰਾਈ ਡੇਅ ਐਲਾਨਿਆ ਗਿਆ ਹੈ ਅਤੇ ਇਸ ਦੌਰਾਨ ਸ਼ਰਾਬ ਦੀ ਵਿਕਰੀ ‘ਤੇ ਮੁਕੰਮਲ ਪਾਬੰਦੀ ਰਹੇਗੀ।
ਰਿਟਰਨਿੰਗ ਅਫਸਰ ਨੇ ਇਹ ਵੀ ਦੱਸਿਆ ਕਿ ਆਖਰੀ 48 ਘੰਟਿਆਂ ਬਾਰੇ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ.) 21 ਜੂਨ, 2022 ਸ਼ਾਮ 6 ਵਜੇ ਤੋਂ ਲਾਗੂ ਹੋ ਜਾਂਦੀ ਹੈ। ਉਨਾਂ ਕਿਹਾ ਕਿ ਆਦਰਸ਼ ਚੋਣ ਜਾਬਤੇ ਦੇ ਮੈਨੂਅਲ ਦੇ ਉਪਬੰਧਾਂ ਅਨੁਸਾਰ ਚੋਣ ਦੇ ਸੰਬੰਧ ਵਿੱਚ ਕਿਸੇ ਵੀ ਜਨਤਕ ਮੀਟਿੰਗ/ਇਕੱਠ ਨੂੰ ਬੁਲਾਉਣ ਦੀ ਮਨਾਹੀ ਹੈ, ਇਹ ਪਾਬੰਦੀ 48 ਘੰਟਿਆਂ ਤੋਂ ਚੋਣ ਸਮਾਪਤੀ ਲਈ ਨਿਸਚਿਤ ਘੰਟੇ ਦੇ ਖਤਮ ਹੋਣ ਤੱਕ ਦੀ ਮਿਆਦ ਦੌਰਾਨ ਹੈ।
ਉਨ੍ਹਾਂ ਕਿਹਾ ਕਿ 48 ਘੰਟਿਆਂ ਦੀ ਮਨਾਹੀ ਦੀ ਮਿਆਦ ਦੌਰਾਨ ਸਿਨੇਮਾਟੋਗ੍ਰਾਫ, ਟੈਲੀਵਿਜਨ ਜਾਂ ਹੋਰ ਅਜਿਹੇ ਉਪਕਰਣ ਦੀ ਵਰਤੋਂ ਕਰਕੇ ਕਿਸੇ ਵੀ ਚੋਣ ਮਾਮਲੇ ਨੂੰ ਪ੍ਰਦਰਸ਼ਿਤ ਕਰਨ ’ਤੇ ਮਨਾਹੀ ਨੂੰ ਲਾਗੂ ਹੋਵੇਗੀ।
ਉਨਾਂ ਕਿਹਾ ਕਿ ਬਿਨਾ ਮਨਜ਼ੂਰੀ ਇਕੱਠਾਂ ‘ਤੇ ਵੀ ਪਾਬੰਦੀ ਹੋਵੇਗੀ ਅਤੇ ਸਾਈਲੈਂਸ ਪੀਰੀਅਡ ਦੌਰਾਨ ਜਨਤਕ ਮੀਟਿੰਗਾਂ ਕਰਨ ‘ਤੇ ਵੀ ਰੋਕ ਹੋਵੇਗੀ, ਜੋ ਕਿ ਜ਼ਿਮਨੀ ਚੋਣ ਨਾਲ ਸਬੰਧਤ ਖੇਤਰਾਂ/ਹਲਕਿਆਂ ਵਿੱਚ ਲਾਗੂ ਹੋਵੇਗੀ।
ਜ਼ਿਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ, ਪੰਜਾਬ ਸਰਕਾਰ ਨੇ 23 ਜੂਨ 2022 ਨੂੰ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਸਬੰਧਤ ਵਿਧਾਨ ਸਭਾ ਹਲਕਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਜੋ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੂਲਤ ਦਿੱਤੀ ਜਾ ਸਕੇ।
ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 135 ਬੀ ਦੇ ਉਪਬੰਧਾਂ ਅਨੁਸਾਰ, ਸਨਅਤੀ ਅਦਾਰਿਆਂ, ਵਪਾਰਕ ਅਦਾਰਿਆਂ, ਦੁਕਾਨਾਂ ਅਤੇ ਸੰਸਥਾਵਾਂ ਦੇ ਕਰਮਚਾਰੀਆਂ ਨੂੰ 23 ਜੂਨ 2022 ਨੂੰ ਲੋਕ ਸਭਾ ਹਲਕਾ-ਸੰਗਰੂਰ ਵਿੱਚ ਵੋਟਾਂ ਵਾਲੇ ਦਿਨ ਤਨਖਾਹ ਸਮੇਤ ਛੁੱਟੀ ਹੋਵੇਗੀ।