ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਧਰਮਸੋਤ ਦੀ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ੀ ਹੋਈ। ਮੁਹਾਲੀ ਅਦਾਲਤ ਨੇ ਸਾਧੂ ਸਿੰਘ ਧਰਮਸੋਤ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਮਾਮਲੇ ਦੀ ਅਗਲੀ ਸੁਣਵਾਈ 27 ਜੂਨ ਨੂੰ ਹੋਵੇਗੀ।
ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਦੇ ਵਲੋਂ ਜੰਗਲਾਤ ਘੁਟਾਲਾ ਮਾਮਲੇ ਵਿੱਚ 16 ਹੋਰ ਡੀ.ਐਫ.ਓ. ਨੂੰ ਸੰਮਨ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਵਿਜੀਲੈਂਸ ਬਿਊਰੋ ਨੇ 7 ਜੂਨ ਨੂੰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਸੀ। ਵਿਜੀਲੈਂਸ ਦੀ ਟੀਮ ਨੇ ਤੜਕੇ ਤਿੰਨ ਵਜੇ ਅਮਲੋਹ ਤੋਂ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ।
ਧਰਮਸੋਤ ‘ਤੇ ਜੰਗਲਾਤ ਮੰਤਰੀ ਰਹਿੰਦਿਆਂ ਦਰੱਖਤ ਕੱਟਣ ਬਦਲੇ ਰਿਸ਼ਵਤ ਲੈਣ ਤੇ ਹਜ਼ਾਰਾਂ ਹੀ ਦਰੱਖਤਾਂ ਵੇਚਣ ਦੇ ਦੋਸ਼ ਲੱਗੇ ਹਨ। ਮੰਤਰੀ ਦੀ ਮਿਲੀਭੁਗਤ ਨਾਲ ਦਰੱਖ਼ਤ ਕੱਟੇ ਜਾਂਦੇ ਸੀ। ਇੱਕ ਦਰੱਖਤ ਕੱਟਣ ਦੇ ਮੰਤਰੀ ਤੱਕ 500 ਰੁਪਏ ਪਹੁੰਚਦੇ ਸੀ। ਨਵੇਂ ਬੂਟੇ ਲਗਾਉਣ ‘ਤੇ ਵੀ ਕਮਿਸ਼ਨ ਲੈਣ ਦਾ ਇਲਜ਼ਾਮ ਹੈ। ਇੱਕ ਸਾਲ ਚ ਕਰੀਬ 25 ਹਜ਼ਾਰ ਦਰੱਖ਼ਤ ਕੱਟੇ ਗਏ। ਪਿਛਲੀ ਕਾਂਗਰਸ ਸਰਕਾਰ ਵੇਲੇ ਧਰਮਸੋਤ ‘ਤੇ SC ਸਕਾਲਰਸ਼ਿਪ ਘੁਟਾਲੇ ਦੇ ਵੀ ਇਲਜ਼ਾਮ ਲੱਗੇ ਸਨ। ਹਾਲਾਂਕਿ ਜਾਂਚ ਦੌਰਾਨ ਧਰਮਸੋਤ ਨੂੰ ਤਤਕਾਲੀ ਸਰਕਾਰ ਨੇ ਕਲੀਨਚਿੱਟ ਦਿੱਤੀ ਸੀ।









