CM ਭਗਵੰਤ ਮਾਨ ਵਲੋਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਸ਼ੋਕ ਸੰਦੇਸ਼

0
5789

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੂ ਮੂਸੇਵਾਲਾ ਦੇ ਅੰਤਿਮ ਅਰਦਾਸ ਵਾਲੇ ਦਿਨ ਸਤਿਕਾਰਯੋਗ ਸਰਦਾਰ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਜੀ ਨੂੰ ਸ਼ੋਕ ਸੰਦੇਸ਼ ਦਿੱਤਾ।

ਉਨ੍ਹਾਂ ਨੇ ਲਿਖਿਆ ਹੈ ਕਿ ਕੁਝ ਦਿਨ ਪਹਿਲਾਂ ਦਿਲ ਦਹਿਲਾਉਣ ਵਾਲੀ ਇਕ ਘਟਨਾ ਵਿਚ ਆਪ ਜੀ ਦੇ ਹੋਣਹਾਰ ਸਪੁੱਤਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਬੇਵਕਤੀ ਮੌਤ ਨੇ ਸਾਨੂੰ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੁੱਖ ਦੀ ਇਸ ਘੜੀ ਵਿੱਚ ਮੈਂ ਆਪ ਜੀ ਦੇ ਸਮੂਹ ਪਰਿਵਾਰਕ ਮੈਂਬਰਾਂ ਨਾਲ ਸ਼ਰੀਕ ਹੁੰਦਾ ਹੋਇਆ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ।

ਭਰ ਜਵਾਨੀ ਵਿਚ ਪੁੱਤ ਦਾ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ ਜਿੱਥੇ ਪਰਿਵਾਰ ਲਈ ਅਸਹਿ ਅਤੇ ਅਕਹਿ ਹੈ, ਉਥੇ ਹੀ ਪੰਜਾਬ, ਪੰਜਾਬੀਆਂ ਅਤੇ ਦੁਨੀਆ ਭਰ ਵਿਚ ਉਨ੍ਹਾਂ ਨੂੰ ਚਾਹੁਣ ਵਾਲਿਆਂ ਲਈ ਇਹ ਇਕ ਡੂੰਘਾ ਸਦਮਾ ਅਤੇ ਨਾ ਪੂਰਿਆ ਜਾਣਾ ਵਾਲਾ ਘਾਟਾ ਹੈ।

ਸ਼ੁਭਦੀਪ ਸਿੰਘ ਸਿੱਧੂ ਨੇ ਪੰਜਾਬੀ ਗਾਇਕੀ ਦੀ ਹੀ ਨਹੀਂ ਸਗੋਂ ਆਪਣੇ ਪਿੰਡ ਮੂਸਾ ਦੀ ਮਿੱਟੀ ਦੀ ਖੁਸ਼ਬੋ ਨੂੰ ਹੱਦਾਂ-ਸਰਹੱਦਾਂ ਤੋਂ ਵੀ ਪਾਰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ। ਸਿੱਧੂ ਮੂਸੇਵਾਲਾ ਨੇ ਭਾਵੇਂ ਗਾਇਕ ਵਜੋਂ ਵਿਸ਼ਵ ਪੱਧਰ ’ਤੇ ਨਾਮਣਾ ਖੱਟਿਆ ਪਰ ਆਪਣੇ ਜੱਦੀ ਕਿੱਤੇ ਖੇਤੀ ਨਾਲ ਜੁੜੇ ਰਹਿਣ ਅਤੇ ਆਖਰੀ ਦਮ ਤੱਕ ਮਾਪਿਆਂ ਦਾ ਪਰਛਾਵਾਂ ਬਣੇ ਰਹਿਣ ਦੀ ਵਿਲੱਖਣ ਜੀਵਨ ਜਾਚ ਸਦਕਾ ਹਜ਼ਾਰਾਂ ਨੌਜਵਾਨਾਂ ਦੇ ਦਿਲਾਂ ਨੂੰ ਟੁੰਬਿਆ ਅਤੇ ਸੇਧ ਦਿੱਤੀ।

ਪਰਿਵਾਰਕ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੈਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ।

LEAVE A REPLY

Please enter your comment!
Please enter your name here