ਪੰਜਾਬੀ ਗਾਇਕ ਸੁਰਜੀਤ ਸੰਧੂ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਗਾਇਕ ਸੁਰਜੀਤ ਸੰਧੂ ਨਾਲ ਪੁਲਿਸ ਵਲੋਂ ਕੁੱਟਮਾਰ ਕੀਤੀ ਗਈ ਹੈ। ਗਾਇਕ ਵਲੋਂ ਦੱਸਿਆ ਗਿਆ ਕਿ ਰਾਤ ਹਰੀਕੇ ਪੁਲ ‘ਤੇ ਨਾਕੇ ਉੱਪਰ ਰੋਕ ਕੇ ਪੁਲਿਸ ਨੇ ਉਸ ਨਾਲ ਕੁੱਟਮਾਰ ਕੀਤੀ ਹੈ।
ਸੁਰਜੀਤ ਸੰਧੂ ਅਨੁਸਾਰ ਜਦੋਂ ਉਹ ਤਰਨਤਾਰਨ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਹਰੀਕੇ ਨਾਕੇ ‘ਤੇ ਪੁਲਿਸ ਵਲੋਂ ਚੈਕਿੰਗ ਲਈ ਰੋਕਿਆ ਗਿਆ।ਗਾਇਕ ਵਲੋਂ ਇਹ ਦੋਸ਼ ਲਗਾਏ ਗਏ ਹਨ ਕਿ ਉਸ ਕੋਲ ਉਸ ਸਮੇਂ ਆਪਣਾ ਲਾਇਸੈਂਸੀ ਹਥਿਆਰ ਸੀ। ਜਿਸਦੇ ਚੱਲਦਿਆਂ ਉਸ ਨਾਲ ਕੁੱਟਮਾਰ ਕੀਤੀ ਗਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁਲਿਸ ਵਾਲੇ ਉਸ ਨੂੰ ਕੁੱਟਮਾਰ ਕਰਕੇ ਹਸਪਤਾਲ ਲੈ ਗਏ ਤੇ ਫਿਰ ਜ਼ਬਰਨ ਛੁੱਟੀ ਦਿਵਾ ਕੇ ਥਾਣੇ ਲੈ ਆਏ।
ਦੂਜੇ ਪਾਸੇ ਇਸ ਸੰਬੰਧੀ ਡੀ.ਐੱਸ.ਪੀ. ਪੱਟੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਸੁਰਜੀਤ ਸੰਧੂ ਵੱਲੋਂ ਪੁਲਿਸ ਡਿਊਟੀ ’ਚ ਵਿਘਨ ਪਾਉਂਦੇ ਹੋਏ ਜਿੱਥੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਗਈ ਉਥੇ ਸ਼ਰਾਬ ਪੀ ਕੇ ਗਾਲ੍ਹਾਂ ਕੱਢੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸੰਧੂ ਵੱਲੋਂ ਗੱਡੀ ’ਚ ਮੌਜੂਦ ਰਾਈਫ਼ਲ ਦਾ ਲਾਈਸੈਂਸ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੰਧੂ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਲਿਆ ਗਿਆ ਹੈ ਜਿਸ ਤੋਂ ਬਾਅਦ ਮੋਹਤਬਰਾਂ ਦੇ ਕਹਿਣ ਉੱਪਰ ਉਸ ਨੂੰ ਛੱਡ ਦਿੱਤਾ ਗਿਆ।