ਉੜੀਸਾ ਦੀ ਨਵੀਨ ਪਟਨਾਇਕ ਸਰਕਾਰ ਦੇ ਸਾਰੇ 20 ਮੰਤਰੀਆਂ ਅਤੇ ਸਪੀਕਰ ਸੂਰਿਆ ਨਰਾਇਣ ਪਾਤਰਾ ਦੇ ਅਸਤੀਫੇ ਤੋਂ ਬਾਅਦ ਨਵੀਂ ਕੈਬਨਿਟ ਨੂੰ ਅੱਜ ਸਹੁੰ ਚੁਕਾਈ ਜਾਵੇਗੀ। ਸਮਾਗਮ ਦੁਪਹਿਰ 12 ਵਜੇ ਸ਼ੁਰੂ ਹੋਵੇਗਾ। ਨਵੀਨ ਪਟਨਾਇਕ ਸਰਕਾਰ ‘ਚ ਇਹ ਪਹਿਲੀ ਵਾਰ ਹੈ ਕਿ ਸਪੀਕਰ ਸਮੇਤ ਪੂਰੇ ਮੰਤਰੀ ਮੰਡਲ ਨੇ ਅਸਤੀਫਾ ਦਿੱਤਾ ਹੈ। ਸੱਤਾਧਾਰੀ ਬੀਜੂ ਜਨਤਾ ਦਲ (ਬੀਜੇਡੀ) ਨੇ 29 ਮਈ ਨੂੰ ਆਪਣੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਕਰ ਲਏ ਸਨ। ਉਦੋਂ ਤੋਂ ਹੀ ਮੰਤਰੀ ਮੰਡਲ ਵਿਚ ਫੇਰਬਦਲ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਸਨ।
ਮੰਨਿਆ ਜਾ ਰਿਹਾ ਹੈ ਕਿ 2024 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਟਨਾਇਕ ਸਰਕਾਰ ਨੇ ਅਜਿਹਾ ਫੈਸਲਾ ਲਿਆ ਹੈ। ਸੂਬੇ ‘ਚ 2024 ‘ਚ ਹੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਇਸ ਲਈ ਨਵੀਨ ਪਟਨਾਇਕ ਨਵੀਂ ਰਣਨੀਤੀ ਤਹਿਤ ਨੌਜਵਾਨ ਅਤੇ ਸੀਨੀਅਰ ਲੋਕਾਂ ਨੂੰ ਮੰਤਰੀ ਮੰਡਲ ‘ਚ ਜਗ੍ਹਾ ਦੇਣਾ ਚਾਹੁੰਦੇ ਹਨ।









