ਮਾਨ ਸਰਕਾਰ ਨੇ ਸੂਬੇ ਵਿਚ ਕਈ ਅਹਿਮ ਸ਼ਖਸੀਅਤਾਂ ਸਣੇ 424 ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਪੰਜਾਬ ਸਰਕਾਰ ਵੱਲੋਂ ਅੱਜ ਸਵੇਰੇ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕਾਰਜਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਵੀ ਅੱਧੀ ਸੁਰੱਖਿਆ ਵਾਪਸ ਲੈ ਲਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਸਾਰੀ ਹੀ ਸੁਰੱਖਿਆ ਲਈ ਲਗਾਏ ਗਏ ਮੁਲਾਜ਼ਮ ਵਾਪਸ ਕਰ ਦਿੱਤੇ ਸਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਜਥੇਦਾਰ ਦੀ ਸਕਿਉਰਿਟੀ ਵਜੋਂ ਤਾਇਨਾਤ ਕਰ ਦਿੱਤਾ ਸੀ। ਬਾਅਦ ਦੁਪਹਿਰ ਪੰਜਾਬ ਸਰਕਾਰ ਨੇ ਫਿਰ ਤੋਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਦੀ ਸਕਿਉਰਿਟੀ ਨੂੰ ਬਹਾਲ ਕਰ ਦਿੱਤਾ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਸਕਿਉਰਿਟੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਅੱਜ ਸਵੇਰੇ ਮਾਨ ਸਰਕਾਰ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਣੇ 424 ਸ਼ਖ਼ਸੀਅਤਾਂ ਦੀ ਸੁਰੱਖਿਆ ਵਾਪਸ ਲੈ ਲਈ ਸੀ ਤੇ ਦੁਪਹਿਰ ਨੂੰ ਆਪਣੇ ਹੀ ਫੈਸਲੇ ’ਤੇ ਸਰਕਾਰ ਨੇ ਯੂਟਰਨ ਲੈਂਦਿਆਂ ਸੁਰੱਖਿਆ ਬਹਾਲ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਖੁਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਟਵੀਟ ਕਰਕੇ ਦਿੱਤੀ।
ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਉਨ੍ਹਾਂ ਦੀ ਸਕਿਉਰਿਟੀ ਮੁੜ ਤੋਂ ਬਹਾਲ ਕਰ ਦਿੱਤੀ ਹੈ ਪਰ ਉਹ ਹੁਣ ਇਹ ਸੁਰੱਖਿਆ ਕਰਮੀ ਨਹੀਂ ਲੈਣਗੇ। ਉਨ੍ਹਾਂ ਨੂੰ ਸਰਕਾਰ ਸੁਰੱਖਿਆ ਦੀ ਲੋੜ ਨਹੀਂ ਕਿਉਂਕਿ ਐਸਜੀਪੀਸੀ ਨੇ ਉਨ੍ਹਾਂ ਦੀ ਸੁਰੱਖਿਆ ਲਈ 4 ਮੁਲਾਜ਼ਮ ਅਤੇ ਇਕ ਮੀਤ ਮੈਨੇਜਰ ਤਾਇਨਾਤ ਕਰ ਦਿੱਤੇ ਹਨ। ਉਨ੍ਹਾਂ ਸੁਰੱਖਿਆ ਵਾਪਸ ਲਏ ਜਾਣ ’ਤੇ ਕਿਹਾ ਸੀ ਕਿ ਉਨ੍ਹਾਂ ਨੂੰ ਅੱਧੀ ਸੁਰੱਖਿਆ ਵੀ ਨਹੀਂ ਚਾਹੀਦੀ।