ਉੜੀਸਾ ਦੇ ਗੰਜਾਮ ਜ਼ਿਲ੍ਹੇ ਵਿਚ 35 ਸਾਲਾ ਆਟੋ ਰਿਕਸ਼ਾ ਚਾਲਕ ਨੇ ਇੱਕ ਮਹਿਲਾ ਯਾਤਰੀ ਨੂੰ 1.6 ਲੱਖ ਰੁਪਏ ਦੀ ਕੀਮਤ ਦਾ ਸੋਨੇ ਦਾ ਹਾਰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਕੁਝ ਦਿਨ ਪਹਿਲਾਂ ਔਰਤ ਗਲਤੀ ਨਾਲ ਇਹ ਹਾਰ ਇੱਕ ਆਟੋ ਵਿੱਚ ਛੱਡ ਗਈ ਸੀ।
ਆਟੋਰਿਕਸ਼ਾ ਚਾਲਕ ਪੰਕਜ ਬਹੇਰਾ ਨੂੰ ਆਪਣੇ ਵਾਹਨ ਦੀ ਸਫਾਈ ਕਰਦੇ ਸਮੇਂ ਯਾਤਰੀ ਸੀਟ ਦੇ ਹੇਠਾਂ ਕਰੀਬ 30 ਗ੍ਰਾਮ ਵਜ਼ਨ ਦਾ ਹਾਰ ਮਿਲਿਆ। ਉਸ ਨੇ ਸ਼ਨੀਵਾਰ ਨੂੰ ਨਵਾਂ ਬੱਸ ਸਟੈਂਡ ਪੁਲਿਸ ਚੌਕੀ ਵਿਖੇ ਅਧਿਕਾਰੀਆਂ ਅਤੇ ਸਥਾਨਕ ਆਟੋ ਚਾਲਕ ਯੂਨੀਅਨ ਦੇ ਕੁਝ ਮੈਂਬਰਾਂ ਦੀ ਮੌਜੂਦਗੀ ‘ਚ ਔਰਤ ਨਰਮਦਾ ਨੂੰ ਸੌਂਪ ਦਿੱਤਾ। ਆਟੋਰਿਕਸ਼ਾ ਚਾਲਕ ਬੁੱਧਵਾਰ ਨੂੰ 30 ਸਾਲਾ ਔਰਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨਿਊ ਬੱਸ ਸਟੈਂਡ ਤੋਂ ਗੋਪਾਲਪੁਰ ਲੈ ਕੇ ਗਿਆ ਸੀ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਨੇ ਸੋਨੇ ਦਾ ਹਾਰ ਆਪਣੇ ਪਰਸ ‘ਚ ਰੱਖਿਆ ਹੋਇਆ ਸੀ ਪਰ ਇਹ ਗਲਤੀ ਨਾਲ ਗੱਡੀ ‘ਚ ਡਿੱਗ ਗਿਆ ਹੋਵੇਗਾ, ਜਿਸ ‘ਤੇ ਔਰਤ ਨੇ ਧਿਆਨ ਵੀ ਨਹੀਂ ਦਿੱਤਾ। ਘਰ ਪਹੁੰਚ ਕੇ ਉਸ ਨੂੰ ਪਤਾ ਲੱਗਾ ਕਿ ਹਾਰ ਉਸ ਦੇ ਪਰਸ ਵਿਚ ਨਹੀਂ ਸੀ ਅਤੇ ਉਸ ਨੇ ਤੁਰੰਤ ਆਟੋਰਿਕਸ਼ਾ ਚਾਲਕ ਨੂੰ ਫੋਨ ਕੀਤਾ ਜਿਸ ਨੂੰ ਉਹ ਪਹਿਲਾਂ ਤੋਂ ਜਾਣਦੀ ਸੀ। ਉਸ ਨੇ ਆਟੋ ਵਿੱਚ ਦੇਖਿਆ, ਪਰ ਉਸ ਦਿਨ ਹਾਰ ਨਹੀਂ ਮਿਲਿਆ।
ਡਰਾਈਵਰ ਨੇ ਕਿਹਾ, ”ਆਪਣੇ ਆਟੋਰਿਕਸ਼ਾ ਦੀ ਸਫਾਈ ਕਰਦੇ ਸਮੇਂ ਹਾਰ ਮਿਲਣ ਤੋਂ ਬਾਅਦ ਮੈਂ ਪੁਲਿਸ ਅਤੇ ਔਰਤ ਦੇ ਪਰਿਵਾਰ ਨੂੰ ਸੂਚਿਤ ਕੀਤਾ।” ਪੁਲਿਸ ਚੌਕੀ ਦੇ ਇੰਚਾਰਜ ਨਰਾਇਣ ਸਵੈਨ ਨੇ ਡਰਾਈਵਰ ਦੀ ਇਮਾਨਦਾਰੀ ਦੀ ਸ਼ਲਾਘਾ ਕੀਤੀ। ਗਹਿਣੇ ਵਾਪਸ ਮਿਲਣ ਨਾਲ ਔਰਤ ਨੇ ਵੀ ਖੁਸ਼ੀ ਮਹਿਸੂਸ ਕੀਤੀ।