ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤੀ ਹੈ। ਅੱਜ ਫੇਸਬੁੱਕ ‘ਤੇ ਲਾਈਵ ਹੋ ਕੇ ਉਨ੍ਹਾਂ ਆਪਣੇ ‘ਮਨ ਕੀ ਬਾਤ’ ਕੀਤੀ। ਉਨ੍ਹਾਂ ਕਾਂਗਰਸ ‘ਤੇ ਹਮਲਾ ਬੋਲਿਆ। ਉਨ੍ਹਾਂ ਕਾਂਗਰਸ ‘ਚ ਜਾਤੀ ਸਮੀਕਰਨ ‘ਤੇ ਕੀਤੀ ਜਾ ਰਹੀ ਰਾਜਨੀਤੀ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਲੀਡਰਸ਼ਿਪ ‘ਤੇ ਨਿਸ਼ਾਨਾ ਸਾਧਿਆ। ਅੰਬਿਕਾ ਸੋਨੀ ਦਾ ਨਾਂ ਲੈਂਦਿਆਂ ਸੋਨੀਆ ਗਾਂਧੀ ਤੋਂ ਮੰਗ ਕੀਤੀ ਕਿ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਸੁਨੀਲ ਜਾਖੜ ਨੇ ਕਿਹਾ ਕਿ ਕੱਲ੍ਹ ਸੋਨੀਆ ਗਾਂਧੀ ਜੀ ਦਾ ਭਾਸ਼ਾਨ ਸੁਣਿਆ। ਬਹੁਤ ਭਾਵੁਕ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਉਸ ਦੇ ਸਲਾਹਕਾਰਾਂ ਨੇ ਨੁਕਸਾਨ ਪਹੁੰਚਾਇਆ। ਅੰਬਿਕਾ ਸੋਨੀ ‘ਤੇ ਵੀ ਉਹ ਰੱਜ ਕੇ ਵਰ੍ਹੇ। ਹਿੰਦੂ-ਸਿੱਖ ਭਾਈਚਾਰੇ ਸਬੰਧੀ ਅੰਬਿਕਾ ਸੋਨੀ ਦੇ ਬਿਆਨ ਨੂੰ ਲੈ ਕੇ ਸੁਨੀਲ ਜਾਖੜ ਨੇ ਨਿੰਦਾ ਕੀਤੀ।
ਦੱਸ ਦੇਈਏ ਕਿ ਕਾਂਗਰਸ ਨੇ ਹਾਲ ਹੀ ‘ਚ ਸੁਨੀਲ ਜਾਖੜ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਸੀ। ਪੰਜਾਬ ਕਾਂਗਰਸ ਨੇ ਉਨ੍ਹਾਂ ਨੂੰ ਦੋ ਸਾਲ ਲਈ ਪਾਰਟੀ ਤੋਂ ਮੁਅੱਤਲ ਕਰਨ ਦੀ ਸਿਫਾਰਿਸ਼ ਕੀਤੀ ਸੀ, ਜਿਸ ‘ਤੇ ਸੋਨੀਆ ਗਾਂਧੀ ਨੂੰ ਫੈਸਲਾ ਲੈਣਾ ਪਿਆ।