ਪੰਜਾਬ ਵਿੱਚ ਪਿਛਲੇ 48 ਘੰਟਿਆਂ ਤੋਂ ਮੀਂਹ ਲਗਾਤਾਰ ਪੈ ਰਿਹਾ ਹੈ। ਸ਼ਨਿੱਚਰਵਾਰ ਨੂੰ ਗੁਰਦਾਸਪੁਰ ‘ਚ 28.8 ਮਿਲੀਮੀਟਰ, ਲੁਧਿਆਣਾ ਵਿੱਚ 11.8 ਮਿਲੀਮੀਟਰ ਅਤੇ ਪਟਿਆਲਾ ਵਿੱਚ 12.4 ਮਿਲੀਮੀਟਰ ਮੀਂਹ ਪਿਆ ਹੈ। ਜਲੰਧਰ, ਅੰਮ੍ਰਿਤਸਰ, ਪਟਿਆਲਾ, ਗੁਰਦਾਸਪੁਰ, ਕਪੂਰਥਲਾ ਅਤੇ ਕਈ ਜ਼ਿਲ੍ਹਿਆਂ ‘ਚ ਸ਼ੁੱਕਰਵਾਰ ਦੇਰ ਰਾਤ ਵੀ ਹਨੇਰੀ ਨਾਲ ਹਲਕੀ ਬਾਰਿਸ਼ ਹੋਈ। ਮੁਕਤਸਰ ਵਿੱਚ ਗੜੇ ਪਏ ਹਨ ਅਤੇ ਬਠਿੰਡਾ ਵਿੱਚ ਤੇਜ਼ ਹਵਾਵਾਂ ਚੱਲੀਆਂ ਹਨ।
ਮੌਸਮ ਵਿਭਾਗ ਦੇ ਅਨੁਸਾਰ 18 ਜੂਨ ਤੱਕ ਪੰਜਾਬ ਵਿੱਚ ਹਨੇਰੀ, ਬੂੰਦਾਬਾਂਦੀ ਦੇ ਆਸਾਰ ਹਨ। ਮੌਨਸੂਨ ਇਸ ਵਾਰ 15 ਦਿਨ ਪਹਿਲਾਂ ਉੱਤਰ ਭਾਰਤ ਪਹੁੰਚ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਮੌਸਮ ਦੇ ਅਨੁਕੂਲ ਹੋਣ ਕਾਰਨ ਦੱਖਣ-ਪੱਛਮੀ ਮੌਨਸੂਨ ਦੇ ਅਗਲੇ 4-5 ਦਿਨਾਂ ਵਿਚ ਦੱਖਣੀ ਰਾਜਸਥਾਨ ਅਤੇ ਗੁਜਰਾਤ ਦੇ ਕੱਛ ਖੇਤਰ ਨੂੰ ਛੱਡ ਕੇ ਸਾਰੇ ਦੇਸ਼ ਨੂੰ ਕਵਰ ਕਰਨ ਦੀ ਉਮੀਦ ਹੈ। ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਸਾਲ ਪੂਰੇ ਦੇਸ਼ ਵਿੱਚ ਜੂਨ ਤੋਂ ਸਤੰਬਰ ਤੱਕ ਦੱਖਣ-ਪੱਛਮੀ ਮੌਨਸੂਨ ਤੋਂ ਆਮ ਬਾਰਸ਼ ਹੋਣ ਦੀ ਸੰਭਾਵਨਾ ਹੈ।