ਕਾਂਗਰਸ ਪਾਰਟੀ ਵੱਲੋਂ ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਸੀ, ਜਿਸਦਾ ਸੁਨੀਲ ਜਾਖੜ ਨੇ ਕੋਈ ਜਵਾਬ ਨਹੀਂ ਦਿੱਤਾ । ਜਾਖੜ ਨੇ ਸੋਮਵਾਰ ਤਕ ਜਵਾਬ ਦੇਣਾ ਸੀ ਪਰ ਉਹ ਜਵਾਬ ਨਹੀਂ ਦੇ ਰਹੇ ਹਨ । ਮੰਨਿਆ ਜਾ ਰਿਹਾ ਹੈ ਕਿ ਜਾਖੜ ਪਾਰਟੀ ਦੇ ਪਿਛਲੇ ਫੈਸਲਿਆਂ ਤੋਂ ਇੰਨੇ ਨਿਰਾਸ਼ ਹਨ ਕਿ ਉਹ ਕਾਂਗਰਸ ਨੂੰ ਅਲਵਿਦਾ ਕਹਿ ਸਕਦੇ ਹਨ। ਹੋ ਸਕਦਾ ਹੈ ਕਿ ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਜਾਖੜ ਪੁਜੀਸ਼ਨ ਸਪੱਸ਼ਟ ਕਰਨਗੇ। ਇਸ ਦੇ ਨਾਲ ਹੀ ਜਾਖੜ ਵੱਲੋਂ ਜਵਾਬ ਨਾ ਦੇਣ ਕਾਰਨ ਕਾਂਗਰਸ ਪਾਰਟੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਕਿਉਂਕਿ ਜਾਂ ਤਾਂ ਉਹ ਸਾਬਕਾ ਸੂਬਾ ਪ੍ਰਧਾਨ ਨੂੰ ਦੁਬਾਰਾ ਨੋਟਿਸ ਜਾਰੀ ਕਰੇਗੀ ਜਾਂ ਅਨੁਸ਼ਾਸਨੀ ਕਾਰਵਾਈ ਕਰਕੇ ਉਸ ਨੂੰ ਮੁਅੱਤਲ ਕਰ ਦੇਵੇਗੀ। ਅਜਿਹੇ ਵਿਚ ਪਾਰਟੀ ਨੂੰ ਫੈਸਲਾ ਲੈਣਾ ਹੋਵੇਗਾ।
ਦੱਸ ਦੇਈਏ ਕਿ ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ ਦੀ ਸ਼ਿਕਾਇਤ ‘ਤੇ ਕਾਂਗਰਸ ਅਨੁਸਾਸਨੀ ਕਮੇਟੀ ਨੇ ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। 11 ਅਪਰੈਲ ਨੂੰ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਉਸ ਨੇ ਪੰਜਾਬ ਵਿਚ ਵਿਧਾਇਕ ਦਲ ਦਾ ਆਗੂ ਚੁਣਨ ਵੇਲੇ ਪਾਰਟੀ ਦੇ ਆਗੂ ਖਿਲਾਫ ਅਪਮਾਨਜਨਕ ਸਬਦਾਵਲੀ ਵਰਤੀ ਅਤੇ ਫਿਰਕੂ ਮਾਨਸਿਕਤਾ ਅਪਣਾਈ। ਜਿਸ ‘ਤੇ ਪਾਰਟੀ ਨੇ ਉਨ੍ਹਾਂ ਨੂੰ 7 ਦਿਨਾਂ ‘ਚ ਜਵਾਬ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਜਾਖੜ ਨੇ ਸੱਤ ਦਿਨਾਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਪਾਰਟੀ ਦੇ ਨੋਟਿਸ ਦਾ ਜਵਾਬ ਨਹੀਂ ਦਿੱਤਾ।