ਅਫਗਾਨਿਸਤਾਨ ਵਿੱਚ ਤਾਲਿਬਾਨ ਸ਼ਾਸਨ ਦੇ ਆਉਣ ਤੋਂ ਬਾਅਦ ਲਗਾਤਾਰ ਕੱਟੜਪੰਥੀ ਹੁਕਮ ਜਾਰੀ ਕੀਤੇ ਜਾ ਰਹੇ ਹਨ। ਇਸ ਕੜੀ ‘ਚ ਹੁਣ ਤਾਲਿਬਾਨ ਨੇ ਨਵਾਂ ਹੁਕਮ ਜਾਰੀ ਕੀਤਾ ਹੈ। ਔਰਤਾਂ ਨੂੰ ਸਿੱਖਿਆ ਤੋਂ ਵਾਂਝੇ ਰੱਖਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਹੁਣ ਮਰਦਾਂ ਲਈ ਨਵਾਂ ਫਰਮਾਨ ਜਾਰੀ ਕੀਤਾ ਹੈ। ਇਸ ਤਹਿਤ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਦਾੜ੍ਹੀ ਰੱਖਣੀ ਹੋਵੇਗੀ ਅਤੇ ਤੈਅ ਡਰੈੱਸ ਕੋਡ ਦੀ ਪਾਲਣਾ ਕਰਨੀ ਹੋਵੇਗੀ। ਇਸ ਆਦੇਸ਼ ਦੀ ਪਾਲਣਾ ਨਾ ਕਰਨ ‘ਤੇ ਉਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ।
ਪਿਛਲੇ ਹਫਤੇ ਹੀ ਤਾਲਿਬਾਨ ਨੇ ਮਹਿਲਾਵਾਂ ਲਈ ਕਈ ਵਿਵਾਵਿਤ ਫੈਸਲੇ ਕੀਤੇ। ਉਨ੍ਹਾਂ ਨੇ ਮਹਿਲਾਵਾਂ ਲਈ ਹਵਾਈ ਯਾਤਰਾ ਕਰਨ ਸਮੇਂ ਕਿਸੇ ਪੁਰਸ਼ ਰਿਸ਼ਤੇਦਾਰ ਦਾ ਨਾਲ ਹੋਣਾ ਜ਼ਰੂਰੀ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਨਾਲ ਦੇਸ਼ ‘ਚ ਤੇ ਦੇਸ਼ ਤੋਂ ਬਾਹਰ ਹਵਾਈ ਸਫ਼ਰ ਕਰਨ ਸਮੇਂ ਪੁਰਸ਼ ਦਾ ਨਾਲ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਤਾਲਿਬਾਨ ਨੇ ਲੜਕੀਆਂ ਦੇ ਸਕੂਲ ਜਾਣ ‘ਤੇ ਵੀ ਰੋਕ ਲਗਾਈ ਹੋਈ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਹ ਲੜਕੀਆਂ ਲਈ ਹਾਈ ਸਕੂਲ ਖੋਲ ਦੇਣਗੇ ਪਰ ਉਨ੍ਹਾਂ ਨੇ ਸਕੂਲ ਖੋਲ੍ਹਣ ਵਾਲੇ ਦਿਨ ਹੀ ਆਪਣਾ ਫੈਸਲਾ ਬਦਲ ਦਿੱਤਾ ਸੀ। ਉਨ੍ਹਾਂ ਦੇ ਇਸ ਫੈਸਲੇ ਦੀ ਬਹੁਤ ਅਲੋਚਨਾ ਹੋਈ ਸੀ।









