ਉੱਤਰਾਖੰਡ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ’ਤੇ ਵੀਰਵਾਰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸੂਬੇ ’ਚ 14 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ’ਚ 65 ਫ਼ੀਸਦੀ ਤੋਂ ਜ਼ਿਆਦਾ ਲੋਕਾਂ ਨੇ ਵੋਟਾਂ ਪਾਈਆਂ ਸਨ। ਉੱਤਰਾਖੰਡ ’ਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੋਵਾਂ ਪ੍ਰਮੁੱਖ ਪਾਰਟੀਆਂ ਤੋਂ ਇਲਾਵਾ ਉੱਤਰਾਖੰਡ ਕ੍ਰਾਂਤੀ ਦਲ, ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਸਣੇ ਕੁੱਲ 632 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।
ਇਨ੍ਹਾਂ ’ਚ ਵਿਸ਼ੇਸ਼ ਰੂਪ ਨਾਲ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਕਾਂਗਰਸ ਸਕੱਤਰ ਹਰੀਸ਼ ਰਾਵਤ, ਸੂਬਾ ਕਾਂਗਰਸ ਪ੍ਰਧਾਣ ਗਣੇਸ਼ ਗੋਦਿਆਲ, ਸੂਬਾ ਭਾਜਪਾ ਪ੍ਰਧਾਨ ਮਦਨ ਕੌਸ਼ਿਕ ਅਤੇ ਆਪ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਰਿਟਾਇਰਡ ਕਰਨਲ ਅਜੈ ਕੋਠਿਆਲ ਦੀਆਂ ਸੀਟਾਂ ਦੇ ਚੋਣ ਨਤੀਜਿਆਂ ’ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ 70 ’ਚੋਂ 57 ਸੀਟਾਂ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਜਪਾ ਇਸ ਵਾਰ ਆਪਣੇ 60 ਪਾਰ ਦੇ ਟੀਚੇ ਨੂੰ ਹਾਸਿਲ ਕਰ ਪਾਉਂਦੀ ਹੈ ਜਾਂ ਸੱਤਾ ਵਿਰੋਧੀ ਲਹਿਰ ’ਤੇ ਸਵਾਰ ਕਾਂਗਰਸ ਸੱਤਾ ’ਚ ਵਾਪਸੀ ਕਰਦੀ ਹੈ।
ਸ਼ੁਰੂਆਤ ’ਚ ਰਫ਼ਤਾਰ ਹੌਲੀ ਰਹਿਣ ਤੋਂ ਬਾਅਦ ਹੁਣ ਭਾਜਪਾ ਤੇਜ਼ੀ ਨਾਲ ਸੀਟਾਂ ’ਤੇ ਬੜ੍ਹਤ ਬਣਾ ਰਹੀ ਹੈ। ਭਾਜਪਾ ਹੁਣ 9 ਸੀਟਾਂ ’ਤੇ ਅੱਗੇ ਹੈ ਜਦਕਿ ਕਾਂਗਰਸ 5 ਸੀਟਾਂ ’ਤੇ ਅੱਗੇ ਚੱਲ ਰਹੀ ਹੈ, ਉਥੇ ਹੀ ਹੋਰ ਦੇ ਖਾਤਿਆਂ ’ਚ ਅਜੇ ਵੀ ਦੋ ਸੀਟਾਂ ਦਿਸ ਰਹੀਆਂ ਹਨ।