ਯੂਕਰੇਨ ‘ਤੇ ਰੂਸ ਦੇ ਹਮਲਿਆਂ ਦਾ ਅੱਜ ਬਾਰਵਾਂ ਦਿਨ ਹੈ। ਇਸ ਦੇ ਨਾਲ ਹੀ ਯੂਕਰੇਨ ‘ਤੇ ਰੂਸ ਦੇ ਹਮਲੇ ਵਧਦੇ ਜਾ ਰਹੇ ਹਨ। ਰੂਸ ਤੇ ਯੂਕ੍ਰੇਨ ਦਰਮਿਆਨ ਜਾਰੀ ਘਮਾਸਾਨ ‘ਚ ਫਸੇ ਭਾਰਤੀਆਂ ਨੂੰ ਕੱਢਣ ਲਈ ਭਾਰਤ ਸਰਕਾਰ ਵਲੋਂ ਲਗਾਤਾਰ ਕੋਸ਼ਿਸ਼ ਜਾਰੀ ਹੈ। ਇਸ ਦਰਮਿਆਨ, ਸੂਮੀ ‘ਚ ਫਸੇ ਭਾਰਤੀਆਂ ਨੂੰ ਕੱਢਣ ਦੀ ਕੋਸ਼ਿਸ਼ ਤੇਜ਼ ਹੋ ਗਈ ਹੈ। ਯੂਕ੍ਰੇਨ ‘ਚ ਭਾਰਤੀ ਰਾਜਦੂਤ ਨੇ ਵਿਦਿਆਰਥੀਆਂ ਨੂੰ ਤਿਆਰ ਰਹਿਣ ਨੂੰ ਕਿਹਾ ਹੈ। ਇਸ ਦੇ ਨਾਲ ਹੀ ਦੂਤਘਰ ਵੱਲੋਂ ਕਿਹਾ ਗਿਆ ਹੈ ਕਿ ਤਾਰੀਖ਼ ਅਤੇ ਸਮਾਂ ਜਲਦ ਹੀ ਦੱਸ ਦਿੱਤਾ ਜਾਵੇਗਾ। ਯੂਕ੍ਰੇਨ ਦੇ ਪੋਲਟਾਵਾ ‘ਚ ਭਾਰਤੀ ਦੂਤਘਰ ਦੀ ਇਕ ਟੀਮ ਮੌਜੂਦ ਹੈ। ਦੱਸਿਆ ਜਾ ਰਿਹਾ ਹੈ ਕਿ ਪੋਲਵਾਟਾ ਦੇ ਰਸਤੇ ਪੱਛਮੀ ਸਰਹੱਦ ਤੋਂ ਭਾਰਤੀ ਵਿਦਿਆਰਥੀਆਂ ਨੂੰ ਬਚਾਇਆ ਜਾਵੇਗਾ।
ਸੂਮੀ ‘ਚ ਮੌਜੂਦ ਨਿਰਾਸ਼ ਵਿਦਿਆਰਥੀਆਂ ਨੇ ਸ਼ਨੀਵਾਰ ਨੂੰ ਇਕ ਵੀਡੀਓ ਕਲਿੱਪ ਪੋਸਟ ਕਰਦੇ ਹੋਏ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਲੜਾਈ ਦਰਮਿਆਨ ਭਿਆਨਕ ਠੰਡ ‘ਚ ਰੂਸੀ ਸਰਹੱਦ ਤੱਕ ਚੱਲ ਕੇ ਜਾਣ ਦਾ ਜੋਖਮ ਚੁੱਕਣ ਦਾ ਫੈਸਲਾ ਕੀਤਾ ਸੀ, ਜਿਸ ਨਾਲ ਭਾਰਤ ‘ਚ ਸੱਤਾ ਦੇ ਗਲਿਆਰਾਂ ‘ਚ ਉਨ੍ਹਾਂ ਦੀ ਸੁਰੱਖਿਆ ਦੇ ਬਾਰੇ ‘ਚ ਖ਼ਦਸ਼ਾ ਵਧ ਗਿਆ ਸੀ। ਵੀਡੀਓ ਵਾਇਰਲ ਹੋਣ ਦੇ ਤੁਰੰਤ ਬਾਅਦ ਭਾਰਤ ਸਰਕਾਰ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਜਲਦ ਹੀ ਉਥੋਂ ਕੱਢ ਲਿਆ ਜਾਵੇਗਾ।
ਇਸ ਦੇ ਨਾਲ ਹੀ ਮੈਡੀਕਲ ਦੇ ਵਿਦਿਆਰਥੀ ਆਸ਼ਿਕ ਹੁਸੈਨ ਨੇ ਟਵੀਟ ਕਰਦੇ ਹੋਏ ਸਰਕਾਰ ਨੂੰ ਕਿਹਾ ਕਿ ਰੋਜ਼ਾਨਾ ਸਵੇਰੇ 6 ਵਜੇ ਸੂਮੀ ‘ਚ ਵਿ ਦਿਆਰਥੀ ਸੜਕ ‘ਤੇ ਬੱਸਾਂ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ। ਰੋਜ਼ਾਨਾ ਅਸੀਂ ਇਹ ਮੰਨਦੇ ਹਾਂ ਕਿ ਅੱਜ ਅਸੀਂ ਇਥੋ ਨਿਕਲ ਜਾਵਾਂਗੇ ਪਰ ਰੋਜ਼ਾਨਾ ਤਾਰੀਖ਼ ਬਦਲਦੀ ਰਹਿੰਦੀ ਹੈ। ਇਸ ਲਈ ਕਿਰਪਾ ਸਾਡੀਆਂ ਉਮੀਦਾਂ ਨਾ ਤੋੜੋ। ਸ਼ਹਿਰ ‘ਚ ਜ਼ਿਆਦਾਤਰ ਸੜਕਾਂ ਅਤੇ ਪੁੱਲ ਟੁੱਟ ਚੁੱਕੇ ਹਨ ਅਤੇ ਕੋਈ ਆਵਾਜਾਈ ਉਪਲੱਬਧ ਨਹੀਂ ਹੈ।