ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਕਿਹਾ ਕਿ ਅਗਲੀ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਬੰਧਨ ਸਰਕਾਰ ਮੁੱਖ ਮੰਤਰੀ ਚੰਨੀ ਦੀਆਂ ਸਾਰੀਆਂ ਅਵੈਧ ਗਤੀਵਿਧੀਆਂ ਦੀ ਜਾਂਚ ਕਰੇਗੀ। ਉਨ੍ਹਾਂ ਨੇ ਕਿਹਾ ਕਿ ਖਾਸ ਤੌਰ ‘ਤੇ ਸੂਬੇ ‘ਚ ਰੇਤ ਮਾਫੀਆ ਦੇ ਸਰਗਨਾ ਦੇ ਰੂਪ ‘ਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕਰੇਗੀ।
ਸੁਖਬੀਰ ਬਾਦਲ ਨੇ ਕਿਹਾ ਕਿ ਕਾਨੂੰਨ ਮੁੱਖ ਮੰਤਰੀ ਦੇ ਖਿਲਾਫ ਆਪਣਾ ਕੰਮ ਕਰੇਗਾ।ਜਿਨ੍ਹਾਂ ਨੇ ਨਾ ਕੇਵਲ ਅਵੈਧ ਖਨਣ ਨੂੰ ਵਧਾਵਾ ਦੇਣ ਦੀ ਗੱਲ ਸਵੀਕਾਰ ਕੀਤੀ ਸੀ ਬਲਕਿ ਅੀਧਕਾਰੀਆਂ ਨੂੰ ਆਪਣੇ ਮੰਤਰੀਆਂ ਨੂੰ ਪਹਾੜਾਂ ਦੀ ਰੇਤ ਨੂੰ ਸਮਤਲ ਕਰਨ ਦੀ ਅਨੁਮਤੀ ਦੇਣ ਦੇ ਆਦੇਸ਼ ਦਿੱਤੇ ਸਨ। ਅਸੀਂ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇਵਾਂਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਸਮੇਤ ਦੋਸ਼ੀਆਂ ਨੂੰ ਉਨ੍ਹਾਂ ਦੁਆਰਾ ਇਕੱਠੀ ਕੀਤੀ ਰਾਸ਼ੀ ਵਾਪਿਸ ਕਰਨ ਲਈ ਮਜ਼ਬੂਰ ਕਰ ਦੇਵਾਂਗੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਦੌੜ ਤੋਂ ਮੁੱਖ ਮੰਤਰੀ ਚੰਨੀ ਦੀ ਕਰਾਰੀ ਹਾਰ ਹੋਵੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਜਾਣਦੇ ਹਨ ਕਿ ਉਹ ਚਮਕੌਰ ਸਾਹਿਬ ਤੋਂ ਹਾਰ ਜਾਣਗੇ। ਇਸ ਲਈ ਹੀ ਉਨ੍ਹਾਂ ਨੇ ਭਦੌੜ ਤੋਂ ਚੋਣ ਲੜਣ ਦਾ ਫੈਸਲਾ ਕੀਤਾ ਹੈ।
ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਬਠਿੰਡਾ ਦੇ ਲੋਕ ਜਾਣਦੇ ਹਨ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਨ੍ਹਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਗਏ ਹਨ। “ਚਾਹੇ ਇਹ ਥਰਮਲ ਪਲਾਂਟਾਂ ਨੂੰ ਬਹਾਲ ਕਰਨ ਦਾ ਮੁੱਦਾ ਹੈ ਜਾਂ ਉਦਯੋਗਾਂ ਨੂੰ ਹਲਕੇ ‘ਚ ਲਿਆਉਣ ਦਾ ਮੁੱਦਾ ਹੋਵੇ। ਉਨ੍ਹਾਂ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।” ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਮਨਪ੍ਰੀਤ ਬਾਦਲ ਪ੍ਰਤੀ ਨਰਮ ਰਹਿਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਸਰਕਾਰ ਬਣਾਉਣ ਲਈ ਸਾਡੇ ਲਈ ਹਰ ਸੀਟ ਮਹੱਤਵਪੂਰਨ ਹੈ।
ਸੁਖਬੀਰ ਬਾਦਲ ਨੇ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਦੇ ਚਿਹਰੇ ਵਜੋਂ ਪੇਸ਼ ਕਰਨ ਦੇ ਇਰਾਦੇ ਨਾਲ ਭਗਵੰਤ ਨੂੰ ਡਮੀ ਚਿਹਰੇ ਵਜੋਂ ਮੈਦਾਨ ਵਿੱਚ ਉਤਾਰਨ ਦੀ ‘ਆਪ’ ਦੀ ਅਸਪਸ਼ਟ ਯੋਜਨਾ ਦਾ ਪਰਦਾਫਾਸ਼ ਕਰਦੇ ਹੋਏ ਕਿਹਾ “ਪੰਜਾਬੀ ਇਸ ਖੇਡ ਯੋਜਨਾ ਨੂੰ ਸਮਝ ਚੁੱਕੇ ਹਨ, ਇਸ ਲਈ ਇਸ ਪਾਰਟੀ ਦੀ ਚਾਲ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।”