ਅਸੀਂ ਮਾਫ਼ੀਆ ਤੋਂ ਹਿੱਸਾ ਨਹੀਂ ਲੈਂਦੇ, ਲੋਕਾਂ ਦੇ ਦੁੱਖ ਦਰਦ ਵਿੱਚ ਹਿੱਸਾ ਲੈਂਦੇ ਹਾਂ: ਭਗਵੰਤ ਮਾਨ

0
129

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਅਤੇ ਅਕਾਲੀ ਦਲ ਬਾਦਲ ਦੀ ਅਲੋਚਨਾ ਕਰਦਿਆਂ ਕਿਹਾ, ” ਅਸੀਂ ਮਾਫੀਆ ਤੋਂ ਹਿੱਸਾ ਨਹੀਂ ਲੈਂਦੇ। ਅਸੀਂ ਲੋਕਾਂ ਦੇ ਦੁੱਖ ਦਰਦ ਵਿੱਚ ਹਿੱਸਾ ਲੈਂਦੇ ਹਾਂ।”

ਮਾਨ ਨੇ ਕਿਹਾ ਕਿ ਪਿਛਲੀ ਅਕਾਲੀ- ਭਾਜਪਾ ਅਤੇ ਮੌਜ਼ੂਦਾ ਕਾਂਗਰਸ ਸਰਕਾਰ ਨੇ ਰੇਤ ਮਾਫੀਆ, ਕੇਬਲ ਮਾਫੀਆ ਅਤੇ ਨਸ਼ਾ ਮਾਫੀਆ ਨੂੰ ਪ੍ਰਫੁੱਲਤ ਕੀਤਾ ਅਤੇ ਉਸ ਦੇ ਗੈਰਕਾਨੂੰਨੀ ਵਪਾਰ ਵਿੱਚ ਹਿੱਸੇਦਾਰੀ ਕੀਤੀ ਹੈ। ਉਨਾਂ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਮਾਫੀਆ ਰਾਜ ਨੂੰ ਜੜ ਤੋਂ ਖ਼ਤਮ ਕਰੇਗੀ ਅਤੇ ਉਸ ਪੈਸੇ ਨਾਲ ਜਨਤਾ ਨੂੰ ਸਹੂਲਤਾਂ ਪ੍ਰਦਾਨ ਕਰੇਗੀ।

ਮੰਗਲਵਾਰ ਨੂੰ ਭਗਵੰਤ ਮਾਨ ਨੇ ਸ੍ਰੀ ਮੁਕਤਸਰ ਸਾਹਿਬ ਤੋਂ ‘ਆਪ’ ਦੇ ਉਮੀਦਵਾਰ ਜਗਦੀਪ ਸਿੰਘ ‘ਕਾਕਾ ਬਰਾੜ’ ਦੇ ਹੱਕ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਨੂੰ ਸੰਬੋਧਿਤ ਕਰਦਿਆਂ ਮਾਨ ਨੇ ਕਿਹਾ ਕਿ ਜਨਤਾ ਦਾ ਪੈਸਾ ਜਨਤਾ ‘ਤੇ ਖਰਚ ਕਰਨਾ ਆਮ ਆਦਮੀ ਪਾਰਟੀ ਦੀ ਨੀਤੀ ਹੈ। ਜਨਤਾ ਦੇ ਟੈਕਸ ਦੇ ਪੈਸੇ ਨਾਲ ‘ਆਪ’ ਸਰਕਾਰ ਜਨਤਾ ਨੂੰ ਮੁਫ਼ਤ ‘ਚ ਚੰੰਗੀ ਸਿੱਖਿਆ, ਇਲਾਜ, ਮੁਫ਼ਤ ਬਿਜਲੀ, ਪਾਣੀ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਦੀ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਇਸ ਦੀ ਉਦਾਹਰਨ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੀ ਇਕੱਲੀ ਅਜਿਹੀ ਪਾਰਟੀ ਹੈ, ਜਿਹੜੇ ਆਪਣੇ ਸਾਰੇ ਵਾਅਦੇ ਪੂਰੇ ਕਰਦੀ ਹੈ। ਦਿੱਲੀ ਦੀ ਜਨਤਾ ਨਾਲ ਆਮ ਆਦਮੀ ਪਾਰਟੀ ਨੇ ਜਿਹੜੇ ਵੀ ਵਾਅਦੇ ਕੀਤੇ, ਸਾਰੇ ਦੇ ਸਾਰੇ ਪੂਰੇ ਕੀਤੇ।

ਨਵਜੋਤ ਸਿੰਘ ਸਿੱਧੂ ਦੀ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਜਦੋਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ 18 ਸਾਲ ਤੋਂ ਉਪਰ ਦੀਆਂ ਸਾਰੀਆਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਆਰਥਿਕ ਮਦਦ ਦੇਣ ਦੀ ਗਰੰਟੀ ਦਿੱਤੀ ਸੀ, ਤਾਂ ਸਿੱਧੂ ਕੇਜਰੀਵਾਲ ਨੂੰ ਗਾਲ਼ਾਂ ਕੱਢਦੇ ਸਨ ਅਤੇ ਸਵਾਲ ਕਰਦੇ ਸਨ ਕਿ ਐਨਾ ਪੈਸਾ ਕਿੱਥੋਂ ਆਵੇਗਾ। ਹੁਣ ਕੇਜਰੀਵਾਲ ਦੀ ਨਕਲ ਕਰਕੇ ਖੁਦ ਔਰਤਾਂ ਨੂੰ ਦੋ- ਦੋ ਹਜ਼ਾਰ ਰੁਪਏ ਮਹੀਨਾ ਅਤੇ ਮੁਫ਼ਤ 8 ਰਸੋਈ ਸਿਲੰਡਰ ਦੇਣ ਸਮੇਤ ਲੜਕੀਆਂ ਨੂੰ ਪੜਾਈ ਲਈ ਪੈਸੇ ਤੇ ਸਕੂਟੀ ਦੇਣ ਦੇ ਵਾਅਦੇ ਵੀ ਕਰ ਰਹੇ ਹਨ। ਉਨਾਂ ਸਵਾਲ ਕੀਤਾ ਕਿ ਹੁਣ ਨਵਜੋਤ ਸਿੱਧੂ ਦੱਸਣ ਕਿ ਐਨਾ ਪੈਸਾ ਕਿੱਥੋਂ ਆਵੇਗਾ? ਕੀ ਉਨਾਂ ਕੋਲ ਹੁਣ ਕੋਈ ਨੋਟ ਛਾਪਣ ਵਾਲੀ ਮਸ਼ੀਨ ਆ ਗਈ ਹੈ?

ਮਾਨ ਨੇ ਕਾਂਗਰਸ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ, ”ਦਰਅਸਲ ਕਾਂਗਰਸ, ਸਰਕਾਰ ਨਹੀਂ ਸਰਕਸ ਚੱਲਾ ਰਹੀ ਹੈ। ਕਾਂਗਰਸ ਦੀ ਚੋਣ ਮਨੋਰਥ ਪੱਤਰ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਹਨ, ਪਰ ਐਲਾਨ ਨਵਜੋਤ ਸਿੱਧੂ ਕਰ ਰਹੇ ਹਨ। ਕਾਂਗਰਸ ਦੇ ਆਗੂਆਂ ਨੇ ਪਾਰਟੀ ਅਤੇ ਸਰਕਾਰ ਦਾ ਮਜਾਕ ਬਣਾ ਕੇ ਰੱਖ ਦਿੱਤਾ ਹੈ।” ਮਾਨ ਨੇ ਚੰਨੀ ਸਰਕਾਰ ਨੂੰ ਬੇਹੱਦ ਕਮਜ਼ੋਰ ਅਤੇ ਅਸਥਿਰ ਸਰਕਾਰ ਦੱਸਦਿਆਂ ਕਿਹਾ ਕਿ ਕਮਜ਼ੋਰ ਸਰਕਾਰ ਹੋਣ ਕਾਰਨ ਹੀ ਪੰਜਾਬ ਵਿੱਚ ਬੇਅਦਬੀ ਅਤੇ ਬੰਬ ਧਮਾਕੇ ਜਿਹੀਆਂ ਘਟਨਾਵਾਂ ਹੋ ਰਹੀਆਂ ਹਨ। ਕਮਜ਼ੋਰ ਸਰਕਾਰ ਦੇ ਕਾਰਨ ਹੀ ਪੰਜਾਬ ਵਿੱਚ ਮਾਫ਼ੀਆ ਰਾਜ ਚੱਲ ਰਿਹਾ ਹੈ।

ਅਕਾਲੀ ਦਲ ਬਾਦਲ ‘ਤੇ ਹਮਲਾ ਬੋਲਦਿਆਂ ਮਾਨ ਨੇ ਕਿਹਾ, ”ਅਕਾਲੀ ਦਲ ਬਾਦਲ ਹੁਣ ਖਾਲੀ ਦਲ ਹੋ ਗਿਆ ਹੈ। ਸੁਖਬੀਰ ਬਾਦਲ ਨੂੰ ਪੰਜਾਬ ਦੇ ਲੋਕ ਬਿਲਕੁੱਲ ਪਸੰਦ ਨਹੀਂ ਕਰਦੇ, ਇਸ ਲਈ 94 ਸਾਲ ਦੀ ਉਮਰ ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ ਸੱਤਾ ਅਤੇ ਪੁਤਰ ਮੋਹ ਦੇ ਚਲਦਿਆਂ ਵੀਹਲਚੇਅਰ ‘ਤੇ ਬੈਠ ਕੇ ਪ੍ਰਚਾਰ ਕਰ ਰਹੇ ਹਨ। ” ਮਾਨ ਨੇ ਚੁਟਕੀ ਲੈਂਦਿਆਂ ਕਿਹਾ ਕਿ 94 ਸਾਲ ਦਾ ਵਿਅਕਤੀ ਕਿਵੇਂ ਜਨਤਾ ਦੀ ਸੇਵਾ ਕਰ ਸਕਦਾ ਹੈ। ਵੱਡੇ ਬਾਦਲ ਦੀ ਉਮਰ ਹੁਣ ਸੇਵਾ ਕਰਨ ਦੀ ਨਹੀਂ, ਸਗੋਂ ਸੇਵਾ ਕਰਵਾਉਣ ਦੀ ਹੈ। ਹੁਣ ਉਨਾਂ (ਬਾਦਲ) ਨੂੰ ਕੁਰਸੀ ਦਾ ਮੋਹ ਛੱਡ ਕੇ ਰੱਬ ਦਾ ਧਿਆਨ ਧਰਨਾ ਚਾਹੀਦਾ ਹੈ ਅਤੇ ਸ਼ਾਂਤੀ ਨਾਲ ਘਰ ਬੈਠਣਾ ਚਾਹੀਦਾ ਹੈ।

ਭਗਵੰਤ ਮਾਨ ਨੇ ਬਾਬੇ ਨਾਨਕ ਦਾ ਉਪਦੇਸ਼ ਉਤਮ ਖੇਤੀ, ਮੱਧਮ ਵਪਾਰ, ਨਖਿੱਧ ਨੌਕਰੀ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਨਾਂ ਕੋਲ ਪੰਜਾਬ ਲਈ ਸਾਰਾ ਰੋਡਮੈਪ ਤਿਆਰ ਹੈ। ‘ਆਪ’ ਦੀ ਸਰਕਾਰ ਖੇਤੀ ਅਤੇ ਵਪਾਰ ਨੂੰ ਅੱਗੇ ਲੈ ਕੇ ਜਾਵੇਗੀ। ਕਿਸਾਨਾਂ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਫ਼ਸਲਾਂ ਦੀ ਉਪਜ ਵਧਾਏਗੀ, ਲਾਗਤ ਘਟਾਏਗੀ ਅਤੇ ਉਦਯੋਗ -ਵਪਾਰ ਨੂੰ ਪ੍ਰਫੁੱਲਤ ਕਰਕੇ ਪੰਜਾਬ ਵਿੱਚੋਂ ਬਾਹਰ ਜਾ ਰਹੇ ਨੌਜਵਾਨਾਂ ਨੂੰ ਇੱਥੇ ਹੀ ਸਾਰੇ ਸਾਧਨ ਅਤੇ ਸਹੂਲਤਾਂ ਪ੍ਰਦਾਨ ਕਰਾਂਗੇ।

LEAVE A REPLY

Please enter your comment!
Please enter your name here