ਦੇਸ਼ ਵਿੱਚ ਹਰ ਮਹੀਨੇ ਦੀ ਪਹਿਲੀ ਤਰੀਕ ਤੋਂ ਕੁਝ ਬਦਲਾਅ ਜਾਂ ਨਵੇਂ ਨਿਯਮ ਲਾਗੂ ਹੁੰਦੇ ਹਨ। ਇਸ ਦੇ ਨਾਲ ਹੀ ਹੁਣ ਨਵੇਂ ਸਾਲ ਦੀ ਸ਼ੁਰੂਆਤ ‘ਤੇ ਆਟੋਮੇਟਿਡ ਟੈਲਰ ਮਸ਼ੀਨ ਜਾਂ ਏਟੀਐਮ ਦਾ ਸਰਵਿਸ ਚਾਰਜ ਵਧਣ ਜਾ ਰਿਹਾ ਹੈ। ਸ਼ਨੀਵਾਰ ਤੋਂ ਲਗਭਗ ਸਾਰੇ ਬੈਂਕਾਂ ਦੇ ਏਟੀਐਮ ਦਾ ਸਰਵਿਸ ਚਾਰਜ ਵਧਣ ਜਾ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਆਦੇਸ਼ ਤੋਂ ਬਾਅਦ, ਗਾਹਕਾਂ ਨੂੰ ਹੁਣ ਏਟੀਐਮ ਟ੍ਰਾਂਜੈਕਸ਼ਨਾਂ ‘ਤੇ 1 ਰੁਪਏ ਦਾ ਵਾਧੂ ਸਰਵਿਸ ਚਾਰਜ ਅਦਾ ਕਰਨਾ ਹੋਵੇਗਾ। ਹਰ ਮਹੀਨੇ ਬੈਂਕ ਆਪਣੇ ਜਾਂ ਨੈੱਟਵਰਕ ਬੈਂਕਾਂ ਦੇ ਏਟੀਐਮ ਤੋਂ ਚਾਰ ਜਾਂ ਪੰਜ ਮੁਫਤ ਲੈਣ-ਦੇਣ ਦੀ ਆਗਿਆ ਦਿੰਦੇ ਹਨ। ਇੱਕ ਵਾਰ ਮੁਫਤ ਲੈਣ-ਦੇਣ ਦੀ ਸੀਮਾ ਖਤਮ ਹੋਣ ਤੋਂ ਬਾਅਦ, ਉਸ ਤੋਂ ਬਾਅਦ ਲਗਾਏ ਜਾਣ ਵਾਲੇ ਸਰਵਿਸ ਚਾਰਜ ਨੂੰ ਵਧਾ ਦਿੱਤਾ ਗਿਆ ਹੈ।
ਪਿਛਲੇ ਸਾਲ ਜੂਨ ਮਹੀਨੇ ‘ਚ ਹੀ ਭਾਰਤੀ ਰਿਜ਼ਰਵ ਬੈਂਕ ਨੇ ਏ.ਟੀ.ਐੱਮ ਸਰਵਿਸ ਚਾਰਜ ‘ਤੇ ਫੀਸ ਵਧਾਉਣ ਦੀ ਇਜਾਜ਼ਤ ਦਿੱਤੀ ਸੀ। ਭਾਰਤੀ ਰਿਜ਼ਰਵ ਬੈਂਕ ਦੇ ਜੂਨ ਦੇ ਹੁਕਮ ਦੇ ਅਨੁਸਾਰ, ਬੈਂਕ ਨੂੰ 20ਰੁਪਏ ਦੀ ਬਜਾਏ 21ਰੁਪਏ ਏਟੀਐਮ ਸੇਵਾ ਚਾਰਜ ਵਜੋਂ ਵਸੂਲਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਤੋਂ ਬਾਅਦ ਇਸ ਚਾਰਜ ‘ਤੇ ਜੀਐਸਟੀ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਆਮ ਤੌਰ ‘ਤੇ ਬੈਂਕ ਆਪਣੇ ਏਟੀਐਮ ਤੋਂ ਹਰ ਮਹੀਨੇ 5 ਮੁਫ਼ਤ ਲੈਣ-ਦੇਣ ਦੀ ਇਜਾਜ਼ਤ ਦਿੰਦੇ ਹਨ। ਇਸ ਵਿੱਚ ਸਾਰੇ ਵਿੱਤੀ ਅਤੇ ਗੈਰ-ਵਿੱਤੀ ਲੈਣ-ਦੇਣ ਸ਼ਾਮਲ ਹਨ। ਇਸ ਦੇ ਨਾਲ ਹੀ ਜੇਕਰ ਅਸੀਂ ਮਹਾਨਗਰਾਂ ਦੀ ਗੱਲ ਕਰੀਏ ਤਾਂ ਇੱਥੇ ਦੂਜੇ ਬੈਂਕਾਂ ਦੇ ਏਟੀਐਮ ਤੋਂ ਮਹੀਨੇ ਵਿੱਚ 3 ਵਾਰ ਮੁਫਤ ਲੈਣ-ਦੇਣ ਦੀ ਸਹੂਲਤ ਹੈ।
ਇਸ ਤੋਂ ਪਹਿਲਾਂ ਏਟੀਐਮ ਲੈਣ-ਦੇਣ ਲਈ ਇੰਟਰਚੇਂਜ ਫੀਸ ਢਾਂਚੇ ਨੂੰ ਅਗਸਤ 2012 ਵਿੱਚ ਬਦਲਿਆ ਗਿਆ ਸੀ। ਗਾਹਕਾਂ ਦੁਆਰਾ ਏਟੀਐਮ ਟ੍ਰਾਂਜੈਕਸ਼ਨਾਂ ਦੇ ਭੁਗਤਾਨ ਲਈ ਇੰਟਰਚੇਂਜ ਫੀਸ ਢਾਂਚੇ ਵਿੱਚ ਬਦਲਾਅ ਅਗਸਤ 2014 ਵਿੱਚ ਕੀਤਾ ਗਿਆ ਸੀ। ਭਾਰਤੀ ਰਿਜ਼ਰਵ ਬੈਂਕ ਨੇ ਜੂਨ ਵਿੱਚ ਦਿੱਤੇ ਇੱਕ ਆਦੇਸ਼ ਵਿੱਚ 1 ਜਨਵਰੀ, 2022 ਤੋਂ ਏਟੀਐਮ ਸਰਵਿਸ ਚਾਰਜ ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ ਸੀ। ਆਰਬੀਆਈ ਨੇ ਕਿਹਾ ਸੀ ਕਿ ਏਟੀਐਮ ਦੀ ਸਥਾਪਨਾ ਅਤੇ ਏਟੀਐਮ ਦੇ ਰੱਖ-ਰਖਾਅ ਦੀ ਲਾਗਤ ਵਧਣ ਕਾਰਨ ਸਰਵਿਸ ਚਾਰਜ ਵਧਾਇਆ ਜਾ ਰਿਹਾ ਹੈ।
ਆਈਪੀਪੀਬੀ ਵਿੱਚ ਜਮ੍ਹਾਂ ਅਤੇ ਕਢਵਾਉਣ ‘ਤੇ ਖ਼ਰਚਾ
ਆਈਪੀਪੀਬੀ (ਇੰਡੀਆ ਪੋਸਟ ਪੇਮੈਂਟਸ ਬੈਂਕ) ਦੇ ਗਾਹਕਾਂ ਨੂੰ ਹੁਣ ਇੱਕ ਸੀਮਾ ਤੋਂ ਵੱਧ ਨਕਦੀ ਕਢਵਾਉਣ ਅਤੇ ਜਮ੍ਹਾ ਕਰਨ ਲਈ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ।ਆਈਪੀਪੀਬੀ ‘ਚ ਇਹ ਨਿਯਮ 1 ਜਨਵਰੀ ਤੋਂ ਲਾਗੂ ਹੋਣ ਜਾ ਰਿਹਾ ਹੈ। ਤੁਸੀਂ ਬਚਤ ਅਤੇ ਚਾਲੂ ਖਾਤਿਆਂ ਵਿੱਚ ਬਿਨਾਂ ਕਿਸੇ ਖਰਚੇ ਦੇ ਇੱਕ ਮਹੀਨੇ ਵਿੱਚ ਸਿਰਫ 10,000 ਰੁਪਏ ਜਮ੍ਹਾ ਕਰ ਸਕੋਗੇ। ਇਸ ਸੀਮਾ ਤੋਂ ਜ਼ਿਆਦਾ ਜਮ੍ਹਾ ਕਰਵਾਉਣ ‘ਤੇ ਗਾਹਕਾਂ ਨੂੰ ਵਾਧੂ ਚਾਰਜ ਦੇਣੇ ਪੈਣਗੇ। ਇਸੇ ਤਰ੍ਹਾਂ ਬੱਚਤ ਅਤੇ ਚਾਲੂ ਖਾਤਿਆਂ ਤੋਂ ਪ੍ਰਤੀ ਮਹੀਨਾ 25,000 ਰੁਪਏ ਤੱਕ ਦੀ ਨਕਦ ਨਿਕਾਸੀ ਮੁਫਤ ਹੋਵੇਗੀ ਅਤੇ ਇਸ ਤੋਂ ਬਾਅਦ ਹਰ ਲੈਣ-ਦੇਣ ‘ਤੇ 0.50 ਫੀਸਦੀ ਚਾਰਜ ਕੀਤਾ ਜਾਵੇਗਾ।