ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਦਾ ਮਾਮਲਾ: ਸ਼੍ਰੋਮਣੀ ਕਮੇਟੀ ਨੇ ਵਾਇਰਲ ਵੀਡੀਓ ਟੀ.ਵੀ. ਚੈੱਨਲਾਂ ’ਤੇ ਬਾਰ-ਬਾਰ ਨਾ ਚਲਾਉਣ ਦੀ ਕੀਤੀ ਅਪੀਲ

0
60

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਦੀਆਂ ਵਾਇਰਲ ਵੀਡੀਓ ਵੱਖ-ਵੱਖ ਚੈਨਲਾਂ ਵੱਲੋਂ ਕੀਤੀ ਜਾਂਦੀ ਵਿਚਾਰ-ਚਰਚਾ ਦੌਰਾਨ ਕਲਿੱਪ ਦੇ ਰੂਪ ਵਿਚ ਚਲਾਉਣ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਨੇ ਦਫ਼ਤਰ ਤੋਂ ਜਾਰੀ ਇਕ ਪ੍ਰੈੱਸ ਬਿਆਨ ਵਿਚ ਕੀਤਾ। ਸ. ਸੁਖਦੇਵ ਸਿੰਘ ਭੂਰਾਕੋਹਨਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੇਵਲ ਸਿੱਖ ਕੌਮ ਦਾ ਹੀ ਨਹੀਂ, ਬਲਕਿ ਸਮੁੱਚੀ ਮਾਨਵਤਾ ਲਈ ਸ਼ਰਧਾ ਤੇ ਸਤਿਕਾਰ ਦਾ ਮੁਕੱਦਸ ਅਸਥਾਨ ਹੈ, ਜਿਥੇ ਲੱਖਾਂ ਦੀ ਗਿਣਤੀ ਵਿਚ ਰੋਜ਼ਾਨਾ ਸ਼ਰਧਾਲੂ ਆਪਣਾ ਅਕੀਦਾ ਭੇਟ ਕਰਦੇ ਹਨ।

ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਇਕ ਦੁਸ਼ਟ ਵਿਅਕਤੀ ਵੱਲੋਂ ਇਸ ਪਵਿੱਤਰ ਅਸਥਾਨ ਵਿਖੇ ਕੀਤੀ ਕੋਝੀ ਹਰਕਤ ਨੇ ਸਮੁੱਚੇ ਜਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਤਾਰ-ਤਾਰ ਕੀਤਾ ਹੈ। ਇਸ ਸਬੰਧੀ ਵਾਇਰਲ ਵੀਡੀਓ ਨੂੰ ਵੱਖ-ਵੱਖ ਚੈਨਲਾਂ ਵੱਲੋਂ ਘਟਨਾ ਸਬੰਧੀ ਕੀਤੀਆਂ ਜਾ ਰਹੀਆਂ ਵਿਚਾਰ ਚਰਚਾਵਾਂ ਸਮੇਂ ਬਾਰ-ਬਾਰ ਚਲਾਉਣ ਨਾਲ ਸਿੱਖ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਚੈਨਲਾਂ ਵੱਲੋਂ ਇਸ ਮਸਲੇ ਉੱਪਰ ਵਿਚਾਰ ਚਰਚਾ ਕਰਨ/ਕਰਵਾਉਣ ’ਤੇ ਕੋਈ ਇਤਰਾਜ਼ ਨਹੀਂ, ਪਰ ਮਸਲਾ ਸੰਗਤਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਣ ਕਰਕੇ ਕਲਿੱਪ ਨੂੰ ਬਾਰ-ਬਾਰ ਚਲਾਉਣਾ ਠੀਕ ਨਹੀਂ ਹੈ। ਸ. ਸੁਖਦੇਵ ਸਿੰਘ ਨੇ ਵੱਖ-ਵੱਖ ਚੈਨਲਾਂ ਦੇ ਸੰਪਾਦਕ ਅਤੇ ਪ੍ਰਤੀਨਿਧਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਗਤਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਇਸ ਕਲਿੱਪ ਨੂੰ ਨਾ ਚਲਾਇਆ ਜਾਵੇ।

LEAVE A REPLY

Please enter your comment!
Please enter your name here