ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 1595 ਈ. ਨੂੰ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਪਿੰਡ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ‘ਚ ਹੋਇਆ। ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ 11 ਸਾਲ ਦੀ ਉਮਰ ਵਿੱਚ ਗੁਰੂ ਗੱਦੀ ਸੌਂਪ ਦਿੱਤੀ ਗਈ ਸੀ।
25 ਮਈ 1606 ਨੂੰ ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹੀਦੀ ਤੋਂ ਪੰਜ ਦਿਨ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਅਤੇ ਉਨ੍ਹਾਂ ਨੂੰ ਲੋਕਾਂ ਦੀ ਰੱਖਿਆ ਲਈ ਸੈਨਿਕ ਪਰੰਪਰਾ ਸ਼ੁਰੂ ਕਰਨ ਅਤੇ ਹਮੇਸ਼ਾਂ ਆਪਣੇ ਆਪ ਨੂੰ ਹਥਿਆਰਬੰਦ ਰਹਿਣ ਦੀ ਹਦਾਇਤ ਕੀਤੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਗੁਰੂ ਅਰਜਨ ਦੇਵ ਜੀ ਨੂੰ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ।ਉਨ੍ਹਾਂ ਨੂੰ ਜ਼ਾਲਮਾਂ ਵੱਲੋਂ ਤਸੀਹੇ ਦਿੱਤੇ ਗਏ ਅਤੇ ਸ਼ਹੀਦ ਕੀਤਾ ਗਿਆ ।
ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਆਪ ਵੀ ਦੋ ਤਲਵਾਰਾਂ ‘ਮੀਰੀ ਅਤੇ ਪੀਰੀ’ ਧਾਰਨ ਕਰ ਲਈਆਂ।ਮੀਰੀ ਪੀਰੀ ਦਾ ਸਿਧਾਂਤ ਧਰਮ ਦੀ ਸ਼ਕਤੀ ਨੂੰ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੇ ਰਾਹ ਤੇ ਤੋਰਨਾ ਸੀ।ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਸੰਗਤਾਂ ਵਿੱਚ ਨਗਦ ਭੇਟਾ ਦੇਣ ਦੀ ਥਾਂ ਆਪਣੀ ਜੁਆਨੀ ਅਰਪਨ ਅਤੇ ਸ਼ਸਤਰ ‘ਤੇ ਘੋੜੇ ਭੇਟਾ ਕਰਨ ਲਈ ਸੰਦੇਸ਼ ਭੇਜ ਦਿੱਤੇ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਿਕਾਰ ਅਤੇ ਸ਼ਸਤਰ ਵਿਿਦਆ ਸਿਖਾਉਣ ਲਈ ਚੋਣਵੇਂ ਸੂਰਮੇ ਤਿਆਰ ਕੀਤੇ ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਕੰਮ ਨੂੰ ਅਣਗੌਲਿਆ ਨਹੀਂ ਕੀਤਾ। ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਭੇਜਿਆ। ਇਸਦੇ ਨਾਲ ਹੀ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਰਵਾਇਆ ਅਤੇ ਸ੍ਰੀ ਕੀਰਤਪੁਰ ਸਾਹਿਬ ਵਸਾਇਆ।
ਛੇਵੇਂ ਪਾਤਸ਼ਾਹ ਜੀ ਨੇ ਜਹਾਂਗੀਰ ਦੀ ਕੈਦ ‘ਚੋ 52 ਰਾਜਿਆਂ ਨੂੰ ਰਿਹਾ ਕਰਵਾਇਆ।ਇਸ ਲਈ ਹੀ ਉਨ੍ਹਾਂ ਨੂੰ ਬੰਦੀ ਛੋੜ ਦਾਤਾ ਵੀ ਕਿਹਾ ਜਾਂਦਾ ਹੈ।