ਨਵੀਂ ਦਿੱਲੀ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਪ੍ਰਾਜੈਕਟ ਦੇ ਦੂਜੇ ਪੜਾਅ ’ਚ ਸ਼ਹਿਰ ’ਚ 1.40 ਲੱਖ ਸੀ.ਸੀ.ਟੀ.ਵੀ. ਕੈਮਰੇ ਲਗਾਏਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਬਾਅਦ ਤੋਂ ਰਾਜਧਾਨੀ ’ਚ 2.75 ਲੱਖ ਸੀ.ਸੀ.ਟੀ.ਵੀ. ਕੈਮਰੇ ਲਾਏ ਗਏ ਹਨ। ਇਕ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਤੀ ਵਰਗ ਮੀਲ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣ ਦੇ ਮਾਮਲੇ ’ਚ ਦਿੱਲੀ ਲੰਡਨ, ਨਿਊਯਾਰਕ, ਸਿੰਗਾਪੁਰ, ਪੈਰਿਸ ਤੋਂ ਕਾਫ਼ੀ ਅੱਗੇ ਹੈ। ਕੋਈ ਤੁਲਨਾ ਨਹੀਂ ਹੈ।’’
ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਚੇਨਈ ਤੋਂ ਤਿੰਨ ਗੁਣਾ ਅਤੇ ਮੁੰਬਈ ਤੋਂ 11 ਗੁਣਾ ਕੈਮਰੇ ਹਨ। ਸਰਕਾਰ ਵਲੋਂ ਕੈਮਰੇ ਲਾਏ ਜਾਣ ਦੇ ਬਾਅਦ ਤੋਂ ਮਹਿਲਾ ਸੁਰੱਖਿਆ ਦੀ ਸਥਿਤੀ ’ਚ ਸੁਧਾਰ ਹੋਇਆ ਹੈ। ਔਰਤਾਂ ਖ਼ੁਦ ਸੁਰੱਖਿਅਤ ਮਹਿਸੂਸ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਪਰਾਧ ਦੇ ਮਾਮਲਿਆਂ ਨੂੰ ਸੁਲਝਾਉਣ ’ਚ ਪੁਲਸ ਨੂੰ ਕਾਫ਼ੀ ਮਦਦ ਮਿਲਦੀ ਹੈ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਕੇਂਦਰ ਨੇ ਪ੍ਰਾਜੈਕਟ ’ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਾਰਟੀ ਸਹਿਯੋਗੀਆਂ ਨੂੰ ਉੱਪ ਰਾਜਪਾਲ ਭਵਨ ’ਚ ਧਰਨਾ ਦੇਣਾ ਪਿਆ।