ਟਰਾਂਸਪੋਰਟ ਵਿਭਾਗ ਨੇ ਪਨਬੱਸ ਤੇ PRTC ’ਚ ਠੇਕੇ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਕੀਤਾ ਫੈਸਲਾ

0
58

ਪਨਬੱਸ ਅਤੇ ਪੀ. ਆਰ. ਟੀ. ਸੀ. ਵਿਚ ਲੰਮੇ ਸਮੇਂ ਤੋਂ ਠੇਕੇ ’ਤੇ ਕੰਮ ਕਰ ਰਹੇ ਕਰਮਚਾਰੀਆਂ ਲਈ ਇੱਕ ਚੰਗੀ ਖ਼ਬਰ ਹੈ। ਟਰਾਂਸਪੋਰਟ ਵਿਭਾਗ ਨੇ ਠੇਕੇ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਪ੍ਰਪੋਜ਼ਲ ਬਣਾ ਕੇ ਸਰਕਾਰ ਨੂੰ ਭੇਜ ਦਿੱਤੀ ਹੈ। ਇਸ ਅਨੁਸਾਰ 2022 ਕਰਮਚਾਰੀ ਪੱਕੇ ਕੀਤੇ ਜਾ ਰਹੇ ਹਨ, ਜਦੋਂ ਕਿ 4600 ਕਰਮਚਾਰੀਆਂ ਦੇ ਸਟਾਫ਼ ਦੀ ਪਨਬੱਸ ਅਤੇ ਪੀ. ਆਰ. ਟੀ. ਸੀ. ਕੰਪਨੀ ਵਿਚ ਭਰਤੀ ਹੋਵੇਗੀ।

ਇਸ ਦੇ ਨਾਲ ਹੀ ਪੱਕੇ ਕਰਨ ਅਤੇ ਕੰਪਨੀ ਵਿਚ ਭਰਤੀ ਕਰਨ ਦਾ ਨਿਯਮ ਉਨ੍ਹਾਂ ਕਰਮਚਾਰੀਆਂ ’ਤੇ ਲਾਗੂ ਹੋਵੇਗਾ, ਜਿਨ੍ਹਾਂ ਨੂੰ ਕੰਮ ਕਰਦਿਆਂ 6 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ। ਇਸ ਸਮੇਂ ਪਨਬੱਸ ਅਤੇ ਪੀ. ਆਰ. ਟੀ. ਸੀ. ਵਿਚ 6622 ਕਰਮਚਾਰੀ ਕੱਚੇ ਤੌਰ ’ਤੇ ਕੰਮ ਕਰ ਰਹੇ ਹਨ। ਇਨ੍ਹਾਂ ਵਿਚੋਂ ਪੀ. ਆਰ. ਟੀ. ਸੀ. ਵਿਚ 2872, ਜਦੋਂਕਿ ਪਨਬੱਸ ਵਿਚ 3750 ਕਰਮਚਾਰੀ ਕੰਮ ਕਰ ਰਹੇ ਹਨ।

ਇਸ ਸਮੇਂ ਵਿਭਾਗ ਕੋਲ 6622 ਠੇਕਾ ਕਰਮਚਾਰੀ ਵੱਖ-ਵੱਖ ਸਿਸਟਮ ਜ਼ਰੀਏ ਕੰਮ ਕਰ ਰਹੇ ਹਨ। ਪਨਬੱਸ ਅਤੇ ਪੀ. ਆਰ. ਟੀ. ਸੀ. ਵਿਚ ਕਾਂਟਰੈਕਟ (ਸਿੱਧੇ ਤੌਰ ’ਤੇ ਕੰਪਨੀ ’ਚ) ’ਤੇ 2022 ਕਰਮਚਾਰੀ ਕਾਰਜਸ਼ੀਲ ਹਨ, ਜਦੋਂਕਿ ਆਊਟਸੋਰਸ (ਠੇਕੇਦਾਰ ਜ਼ਰੀਏ) ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ 4600 ਦੇ ਲਗਭਗ ਹੈ। ਪਿਛਲੇ 10-12 ਸਾਲਾਂ ਤੋਂ ਕੱਚੇ ਕਰਮਚਾਰੀ ਵਜੋਂ ਕੰਮ ਕਰਨ ਵਾਲਿਆਂ ਨੂੰ ਪੱਕਾ ਕਰਨਾ ਰਾਜਾ ਵੜਿੰਗ ਦੇ ਕਾਰਜਕਾਲ ਦੀ ਵੱਡੀ ਉਪਲੱਬਧੀ ਬਣ ਜਾਵੇਗੀ।

ਪੰਜਾਬ ਦੇ ਪਨਬੱਸ ਠੇਕਾ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਬਲਜੀਤ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਕਰਮਚਾਰੀਆਂ ਨੂੰ ਪੱਕਾ ਕਰਨ ਜਾ ਰਹੀ ਹੈ। ਇਸ ਫ਼ੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ। ਸਰਕਾਰ ਵੱਲੋਂ ਜਿਹੜਾ ਨਿਯਮ ਬਣਾਇਆ ਗਿਆ ਹੈ, ਉਸਦਾ ਲਾਭ 40 ਫੀਸਦੀ ਤੋਂ ਘੱਟ ਕਰਮਚਾਰੀਆਂ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਠੇਕੇਦਾਰ ਜ਼ਰੀਏ ਜਿਹੜੇ ਕਰਮਚਾਰੀ ਲੰਮੇ ਸਮੇਂ ਤੋਂ ਸੇਵਾਵਾਂ ਦੇ ਰਹੇ ਹਨ, ਉਨ੍ਹਾਂ ਬਾਰੇ ਵੀ ਸਰਕਾਰ ਸੋਚੇ। ਕਈ ਅਜਿਹੇ ਕਰਮਚਾਰੀ ਹਨ, ਜਿਨ੍ਹਾਂ ਦੀ 6 ਸਾਲ ਬਾਅਦ ਕੰਮ ਕਰਨ ਦੀ ਸਮਾਂ-ਹੱਦ ਖ਼ਤਮ ਹੋ ਜਾਵੇਗੀ।

ਪਨਬੱਸ ਅਤੇ ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਵੱਲੋਂ 3 ਦਸੰਬਰ ਨੂੰ ਸਵੇਰੇ 10 ਤੋਂ 12 ਵਜੇ ਤੱਕ ਬੱਸ ਅੱਡਾ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਹਰ ਵਾਰ ਮੀਟਿੰਗ ਕਰ ਕੇ ਉਨ੍ਹਾਂ ਨੂੰ ਭਰੋਸਾ ਦਿਵਾ ਦਿੱਤਾ ਜਾਂਦਾ ਹੈ ਪਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਇਸ ਕਾਰਨ 7 ਦਸੰਬਰ ਤੋਂ ਉਹ ਅਣਮਿੱਥੇ ਸਮੇਂ ਦੀ ਹੜਤਾਲ ਕਰਦਿਆਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨਗੇ, ਜਿਸ ਲਈ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹੋਣਗੀਆਂ।

LEAVE A REPLY

Please enter your comment!
Please enter your name here