ਪੰਜਾਬ ਦੇ ਵੀ.ਵੀ.ਆਈ.ਪੀਜ਼ ਸੁਰੱਖਿਆ ਲਈ ਗ਼ੈਰ-ਪੰਜਾਬੀਆਂ ਨੂੰ ਭਰਤੀ ਕੀਤੇ ਜਾਣ ਦਾ ਮਾਮਲਾ

0
62

ਬਾਦਲ, ਕੈਪਟਨ ਅਤੇ ਕਾਂਗਰਸ ਨੇ ਪੰਜਾਬੀਆਂ ’ਤੇ ਬੇਵਿਸ਼ਵਾਸ਼ੀ ਕਾਰਨ 209 ਗੈਰ- ਪੰਜਾਬੀਆਂ ਦਿੱਤੀਆਂ ਨੌਕਰੀਆਂ: ਭਗਵੰਤ ਮਾਨ

ਮੁੱਖ ਮੰਤਰੀ ਚੰਨੀ ਅਤੇ ਗ੍ਰਹਿ ਮੰਤਰੀ ਰੰਧਾਵਾ ਦੱਸਣ ਕਿ ਗੈਰ- ਪੰਜਾਬੀਆਂ ਦੀ ਭਰਤੀ ਮਾਮਲੇ ’ਚ ਕੀ ਕਾਰਵਾਈ ਕੀਤੀ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਦੀ ਸੁਰੱਖਿਆ ਲਈ ਗੈਰ- ਪੰਜਾਬੀਆਂ ਨੂੰ ਕਾਂਗਰਸ ਅਤੇ ਅਕਾਲੀ- ਭਾਜਪਾ ਦੀਆਂ ਸਰਕਾਰਾਂ ਵੱਲੋਂ ਭਰਤੀ ਕੀਤੇ ਜਾਣ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਗ਼ਦਾਰੀ ਕਰਾਰ ਦਿੱਤਾ ਹੈ। ਉਨ੍ਹਾਂ ਪੰਜਾਬ ਵਾਸੀਆਂ ਅਪੀਲ ਕੀਤੀ ਕਿ ਪੰਜਾਬ ਨਾਲ ਗ਼ਦਾਰੀ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਅਤੇ ਅਕਾਲੀ ਦਲ ਬਾਦਲ ਨੂੰ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾ ’ਚ ਪੰਜਾਬ, ਪੰਜਾਬੀ ਅਤੇ ਪੰਜਾਬ ਵਾਸੀਆਂ ਉਤੇ ਪ੍ਰਗਟਾਈ ਬੇਵਿਸ਼ਵਾਸ਼ੀ ਦਾ ਕਰਾਰਾ ਜਵਾਬ ਦਿੱਤਾ ਜਾਵੇ।

ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ, ‘‘ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਦਾ ਹੋਕਾ ਦੇ ਕੇ ਰਾਜ ਕਰਨ ਵਾਲੇ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਅਤੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬੀਆਂ ’ਤੇ ਹੀ ਵਿਸ਼ਵਾਸ ਨਹੀਂ ਹੈ, ਕਿਉਂਕਿ ਬਾਦਲ ਅਤੇ ਕੈਪਟਨ ਨੇ ਆਪਣੀ, ਆਪਣੇ ਪਰਿਵਾਰਾਂ ਅਤੇ ਹੋਰ ਕਰੀਬੀਆਂ ਦੀ ਸੁਰੱਖਿਆ ਲਈ ਬਣਾਏ ‘ਸਪੈਸ਼ਲ ਪ੍ਰੋਟੈਕਸ਼ਨ ਯੂਨਿਟ’ ਵਿੱਚ ਹੋਰਨਾਂ ਰਾਜਾਂ ਦੇ 209 ਵਿਅਕਤੀਆਂ ਨੂੰ ਨੌਕਰੀਆਂ ਦਿੱਤੀਆਂ, ਜਦੋਂ ਕਿ ਪੰਜਾਬ ਦੇ ਕੇਵਲ 19 ਨੌਜਵਾਨਾਂ ਨੂੰ ਨੌਕਰੀ ਨਸੀਬ ਹੋਈ। ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਗ਼ਦਾਰੀ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ‘ਸਪੈਸ਼ਲ ਪ੍ਰੋਟੈਕਸ਼ਨ ਯੂਨਿਟ’ ਵਿੱਚ ਹੋਰਨਾਂ ਰਾਜਾਂ ਤੋਂ ਡੀ.ਐਸ.ਪੀ, ਇੰਸਪੈਕਟਰ, ਸਬ ਇੰਸਪੈਕਟਰ ਅਤੇ ਜਵਾਨ ਭਰਤੀ ਕਰਕੇ ਬਾਦਲਾਂ ਅਤੇ ਕੈਪਟਨ ਨੇ ਨਾ ਸਿਰਫ਼ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ, ਸਗੋਂ ਪੰਜਾਬ ਦੇ ਖ਼ਜਾਨੇ ਨੂੰ ਵੀ ਲੁੱਟਿਆ ਹੈ।

ਭਗਵੰਤ ਮਾਨ ਨੇ ਖੁਲਾਸਾ ਕੀਤਾ ਕਿ ‘ਸਪੈਸ਼ਲ ਪ੍ਰੋਟੈਕਸ਼ਨ ਯੂਨਿਟ’ ਵਿੱਚ ਸੁਰੱਖਿਆ ਅਧਿਕਾਰੀ ਅਤੇ ਮੁਲਾਜ਼ਮਾਂ ਦੀ ਭਰਤੀ ਸਮੇਂ ਅਕਾਲੀ- ਭਾਜਪਾ ਸਾਂਝੀ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 2014 ਅਤੇ 2016 ਵਿੱਚ ਹੋਰਨਾਂ ਰਾਜਾਂ ਦੇ 146 ਵਿਅਕਤੀਆਂ ਨੂੰ ਭਰਤੀ ਕੀਤਾ ਸੀ। ਇਸੇ ਤਰ੍ਹਾਂ ਕਾਂਗਰਸ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2021 ਵਿੱਚ 63 ਗੈਰ ਪੰਜਾਬੀਆਂ ਨੂੰ ਭਰਤੀ ਕੀਤਾ। ਜਿਸ ਨਾਲ ਨਾ ਕੇਵਲ ਰੁਜ਼ਗਾਰ ਲਈ ਜੱਦੋ ਜ਼ਹਿਦ ਕਰਦੇ ਆ ਰਹੇ ਪੰਜਾਬ ਦੇ ਹੋਣਹਾਰ ਅਤੇ ਯੋਗ ਨੌਜਵਾਨਾਂ ਦੇ ਨੌਕਰੀ ਲਈ ਮੌਕੇ ਖੁੰਝੇ ਹਨ, ਸਗੋਂ ਪੰਜਾਬ ਪੁਲੀਸ ’ਚ ਤਰੱਕੀ ਪ੍ਰਕਿਰਿਆ ਵੀ ਗੜਬੜਾਈ ਹੈ, ਜਿਸ ਦਾ ਸਿੱਧਾ ਨੁਕਸਾਨ ਪੰਜਾਬ ਦੇ ਜਵਾਨਾਂ ਅਤੇ ਅਧਿਕਾਰੀਆਂ ਦਾ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬੀਆਂ ਤੋਂ ਵੋਟਾਂ ਲੈ ਕੇ ਪੰਜਾਬ ’ਤੇ ਰਾਜ ਕਰਨ ਵਾਲੇ ਬਾਦਲ ਅਤੇ ਕੈਪਟਨ ਨੂੰ ਪੰਜਾਬੀਆਂ ’ਤੇ ਹੀ ਭਰੋਸਾ ਨਹੀਂ, ਪਰ ਇਹ ਗੱਲਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਦੀਆਂ ਕਰਦੇ ਹਨ।

ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਵਾਲ ਕੀਤਾ ਕਿ ‘ਸਪੈਸ਼ਲ ਪ੍ਰੋਟੈਕਸ਼ਨ ਯੂਨਿਟ’ ਵਿੱਚ ਗੈਰ- ਪੰਜਾਬੀਆਂ ਨੂੰ ਨੌਕਰੀਆਂ ਦੇਣ ਦੇ ਮਾਮਲੇ ਵਿੱਚ ਸਰਕਾਰ ਨੇ ਕੀ ਫ਼ੈਸਲਾ ਕੀਤਾ ਹੈ? ਪੰਜਾਬੀਆਂ ਨਾਲ ਗ਼ਦਾਰੀ ਕਰਨ ਵਾਲੇ ਪ੍ਰਕਾਸ਼ ਸਿੰਘ, ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਅਕਾਲੀਆਂ- ਕਾਂਗਰਸੀਆਂ ਸਮੇਤ ਜ਼ਿੰਮੇਵਾਰ ਉਚ ਅਧਿਕਾਰੀਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਵੇਗੀ? ਕੀ ਬਾਦਲ, ਕੈਪਟਨ ਅਤੇ ਅਧਿਕਾਰੀਆਂ ਖ਼ਿਲਾਫ਼ ਪੰਜਾਬੀਆਂ ਨਾਲ ਗ਼ਦਾਰੀ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਜਾਵੇਗਾ?

LEAVE A REPLY

Please enter your comment!
Please enter your name here