ਪਠਾਨਕੋਟ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਪਠਾਨਕੋਟ ‘ਚ ਆਰਮੀ ਕੈਂਪ ਦੇ ਗੇਟ ‘ਤੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਹੈ। ਬਾਈਕ ਸਵਾਰਾਂ ਨੇ ਡੇਰੇ ਦੇ ਤ੍ਰਿਵੇਣੀ ਗੇਟ ‘ਤੇ ਗ੍ਰੇਨੇਡ ਸੁੱਟਿਆ। ਘਟਨਾ ਤੋਂ ਬਾਅਦ ਪਠਾਨਕੋਟ ਦੇ ਸਾਰੇ ਇਲਾਕਿਆਂ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਫਿਲਹਾਲ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਇਸ ਸੰਬੰਧੀ ਪਠਾਨਕੋਟ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਕਿਹਾ, ‘‘ਪਹਿਲੀ ਨਜ਼ਰ ਵਿੱਚ ਪਤਾ ਲੱਗਾ ਹੈ ਕਿ ਇੱਥੇ ਗ੍ਰੇਨੇਡ ਧਮਾਕਾ ਹੋਇਆ ਹੈ। ਅਗਲੇਰੀ ਜਾਂਚ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਮੋਟਰਸਾਈਕਲ ਲੰਘਿਆ, ਉਸੇ ਸਮੇਂ ਧਮਾਕਾ ਹੋ ਗਿਆ। ਸਾਨੂੰ ਚੰਗੀ ਸੀਸੀਟੀਵੀ ਫੁਟੇਜ ਮਿਲਣ ਦੀ ਉਮੀਦ ਹੈ।
ਪਠਾਨਕੋਟ ਭਾਰਤ ਦੇ ਸਭ ਤੋਂ ਮਹੱਤਵਪੂਰਨ ਠਿਕਾਣਿਆਂ ਵਿੱਚੋਂ ਇੱਕ ਹੈ। ਇਸ ਵਿੱਚ ਇੱਕ ਏਅਰ ਫੋਰਸ ਸਟੇਸ਼ਨ, ਇੱਕ ਆਰਮੀ ਅਸਲਾ ਡਿਪੂ ਅਤੇ ਦੋ ਬਖਤਰਬੰਦ ਬ੍ਰਿਗੇਡ ਅਤੇ ਬਖਤਰਬੰਦ ਯੂਨਿਟ ਹਨ। ਜਨਵਰੀ 2016 ‘ਚ ਪਠਾਨਕੋਟ ਏਅਰਫੋਰਸ ਸਟੇਸ਼ਨ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਪਠਾਨਕੋਟ ਏਅਰਫੋਰਸ ਸਟੇਸ਼ਨ ‘ਤੇ ਭਾਰੀ ਮਾਤਰਾ ਵਿਚ ਗੋਲਾ-ਬਾਰੂਦ ਨਾਲ ਲੈਸ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ ਹਮਲੇ ‘ਚ 5 ਅੱਤਵਾਦੀ ਮਾਰੇ ਗਏ, ਜਦੋਂ ਕਿ ਫੌਜ ਦੇ 8 ਜਵਾਨ ਸ਼ਹੀਦ ਹੋ ਗਏ ਸਨ।