ਭਾਰਤੀ ਰਿਜ਼ਰਵ ਬੈਂਕ (RBI) ਸਹਿਕਾਰੀ ਬੈਂਕਾਂ ਦੇ ਖਿਲਾਫ਼ ਬਹੁਤ ਸਖ਼ਤੀ ਨਾਲ ਪੇਸ਼ ਆਉਂਦੇ ਹੋਏ ਦਿਖਾਈ ਦੇ ਰਿਹਾ ਹੈ। ਹੁਣ ਇਸ ਸਮੇਂ ‘ਚ ਆਰਬੀਆਈ ਨੇ ਮਹਾਰਾਸ਼ਟਰ (Maharashtra) ਦੇ ਯਵਤਮਾਲ ਸਥਿਤ ‘ਬਾਬਾਜੀ ਦਾਤੇ ਮਹਿਲਾ ਸਹਿਕਾਰੀ ਬੈਂਕ’ (Babaji Date Mahila Sahakari Bank) ‘ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ। ਇਨ੍ਹਾਂ ‘ਚ ਗਾਹਕਾਂ ਲਈ 5,000 ਰੁਪਏ ਦੀ ਕਢਵਾਉਣ ਦੀ ਸੀਮਾ (5,000 withdrawal limit) ਵੀ ਸ਼ਾਮਲ ਹੈ। ਸਹਿਕਾਰੀ ਬੈਂਕ ਦੀ ਵਿਗੜਦੀ ਹੋਈ ਵਿੱਤੀ ਹਾਲਤ ਦੇ ਕਰਕੇ ਕੇਂਦਰੀ ਬੈਂਕ (Central Bank) ਨੇ ਇਹ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ-ਨਾਲ ਆਰਬੀਆਈ ਨੇ ਪਿਛਲੇ ਬਹੁਤ ਸਮੇਂ ਤੋਂ ਸਹਿਕਾਰੀ ਬੈਂਕਾਂ ਖਿਲਾਫ਼ ਸਖ਼ਤ ਨੀਤੀ ਅਪਣਾਈ ਹੋਈ ਹੈ।
ਰਿਜ਼ਰਵ ਬੈਂਕ (ਆਰਬੀਆਈ) ਨੇ ਇੱਕ ਬਿਆਨ ਵਿੱਚ ਕਿਹਾ ਕਿ ਬੈਂਕਿੰਗ ਰੈਗੂਲੇਸ਼ਨ ਐਕਟ 1949 ਦੇ ਤਹਿਤ ਪਾਬੰਦੀਆਂ 8 ਨਵੰਬਰ, 2021 ਨੂੰ ਕਾਰੋਬਾਰ ਬੰਦ ਹੋਣ ਤੋਂ ਛੇ ਮਹੀਨਿਆਂ ਲਈ ਲਾਗੂ ਰਹਿਣਗੀਆਂ ਅਤੇ ਫਿਲਹਾਲ ਇਹ ਸਮੀਖਿਆ ਦੇ ਅਧੀਨ ਹਨ। ਯਵਤਮਾਲ ਦਾ ਇਹ ਸਹਿਕਾਰੀ ਬੈਂਕ ਹੁਣ ਰਿਜ਼ਰਵ ਬੈਂਕ ਦੀ ਮਨਜ਼ੂਰੀ ਤੋਂ ਬਿਨ੍ਹਾਂ ਕੋਈ ਭੁਗਤਾਨ ਨਹੀਂ ਕਰ ਸਕਦਾ ਹੈ ਅਤੇ ਨਾ ਹੀ ਕੋਈ ਕਰਜ਼ਾ ਜਾਂ ਪੇਸ਼ਗੀ ਦੇ ਸਕਦਾ ਹੈ।
ਇਸ ਤੋਂ ਇਲਾਵਾ ਰਿਜ਼ਰਵ ਬੈਂਕ ਦੀ ਮਨਜ਼ੂਰੀ ਤੋਂ ਬਿਨ੍ਹਾਂ ਬੈਂਕ ਨਾ ਤਾਂ ਕੋਈ ਭੁਗਤਾਨ ਕਰ ਸਕੇਗਾ, ਨਾ ਹੀ ਕਿਸੇ ਵਿਵਸਥਾ ਵਿੱਚ ਸ਼ਾਮਲ ਹੋਵੇਗਾ ਅਤੇ ਨਾ ਹੀ ਆਪਣੀਆਂ ਜਾਇਦਾਦਾਂ ਨੂੰ ਵੇਚ ਸਕੇਗਾ ਅਤੇ ਨਾ ਹੀ ਟਰਾਂਸਫਰ ਕਰ ਸਕੇਗਾ। ਬਿਆਨ ਵਿੱਚ ਕਿਹਾ ਗਿਆ ਹੈ, “ਬੈਂਕ ਦੀ ਮੌਜੂਦਾ ਨਕਦ ਦੀ ਸਥਿਤੀ ਦੇ ਮੱਦੇਨਜ਼ਰ, ਸਾਰੇ ਬਚਤ ਬੈਂਕ ਜਾਂ ਚਾਲੂ ਖਾਤਾ ਜਾਂ ਹੋਰ ਖਾਤਾ ਧਾਰਕ ਆਪਣੇ ਖਾਤਿਆਂ ਵਿੱਚੋਂ 5,000 ਰੁਪਏ ਤੋਂ ਵੱਧ ਦੀ ਰਕਮ ਨਹੀਂ ਕਢਵਾ ਸਕਣਗੇ।”
ਤੁਹਾਨੂੰ ਦੱਸ ਦਈਏ ਕਿ ਲਗਭਗ ਦੋ ਹਫ਼ਤੇ ਪਹਿਲਾਂ, ਆਰਬੀਆਈ ਨੇ ਮਹਾਰਾਸ਼ਟਰ ਦੇ ਵਸਈ ਵਿਕਾਸ ਸਹਿਕਾਰੀ ਬੈਂਕ ‘ਤੇ ਕੁਝ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ 90 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਸ ਦੇ ਨਾਲ ਹੀ ਕਰੀਬ ਇੱਕ ਮਹੀਨੇ ਪਹਿਲਾਂ ਆਰਬੀਆਈ ਨੇ ਮੁੰਬਈ ਦੇ ਅਪਨਾ ਸਹਿਕਾਰੀ ਬੈਂਕ ‘ਤੇ ਵੀ 79 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ।