ਪਟਿਆਲਾ : ਪਟਿਆਲਾ ਸਰਕਟ ਹਾਊਸ ਵਿਖੇ ਚੱਲ ਰਹੀ ਕਾਂਗਰਸ ਦੀ ਮੀਟਿੰਗ ’ਚ ਜ਼ਿਲਾ ਪਟਿਆਲਾ ਦੇ ਸਮੁੱਚੇ ਕਾਂਗਰਸੀ ਐੱਮ. ਐੱਲ. ਏ. ਅਤੇ ਹਜ਼ਾਰਾਂ ਦੀ ਗਿਣਤੀ ’ਚ ਕਾਂਗਰਸ ਵਰਕਰ ਹਾਜ਼ਰ ਸਨ।ਇਸ ਮੀਟਿੰਗ ’ਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੀ ਹਾਜ਼ਰ ਸਨ।ਪੰਜਾਬ ਦੇ ਸੀਨੀਅਰ ਕਾਂਗਰਸੀ ਲੀਡਰ, ਸਾਬਕਾ ਖਜ਼ਾਨਾ ਮੰਤਰੀ ਅਤੇ ਪੰਜਾਬ ਮੰਡੀ ਬੋਰਡ ਦੇ ਮੌਜੂਦਾ ਚੇਅਰਮੈਨ (ਕੈਬਨਿਟ ਮੰਤਰੀ ਰੈਂਕ) ਲਾਲ ਸਿੰਘ ਨੇ ਇਸ ਮੀਟਿੰਗ ’ਚ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕੈ. ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਖੁਸ਼ ਕਰਨ ਲਈ ਨਵੀਂ ਪਾਰਟੀ ਬਣਾਈ ਹੈ।
ਉਨ੍ਹਾਂ ਕਿਹਾ ਕਿ ਉਸ ਦਾ ਮੁੱਖ ਮਕਸਦ ਕਾਂਗਰਸ ਨੂੰ ਕਮਜ਼ੋਰ ਕਰਨਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਪੰਜਾਬ ਵਿਚ ਉਸ ਦੀ ਨਵੀਂ ਪਾਰਟੀ ਨੂੰ ਕੋਈ ਸੀਟ ਨਹੀਂ ਆਉਣੀ।ਕੈਪਟਨ ਪਹਿਲਾਂ ਸਾਢੇ 4 ਸਾਲ ਭਾਜਪਾ ਦੇ ਇਸ਼ਾਰਿਆਂ ’ਤੇ ਸਰਕਾਰ ਚਲਾਈ ਅਤੇ ਜਦੋਂ ਕਾਂਗਰਸ ਹਾਈਕਮਾਂਡ ਨੇ ਕੈਪਟਨ ਨੂੰ ਗੱਦੀ ਤੋਂ ਲਾਹਿਆ ਤਾਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰੇ ’ਤੇ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਲਈ ਆਪਣੀ ਨਵੀਂ ਪਾਰਟੀ ਦਾ ਗਠਨ ਕੀਤਾ।ਕੈਪਟਨ ਅਮਰਿੰਦਰ ਸਿੰਘ ਦਾ ਸਮੁੱਚਾ ਪਰਿਵਾਰ ਇਨਕਮ ਟੈਕਸ, ਈ. ਡੀ. ਦੇ ਕੇਸ ਵਿਚ ਉਲਝਿਆ ਹੋਇਆ ਹੈ।ਉਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਜਿਸ ਕਰ ਕੇ ਉਸ ਨੂੰ ਆਪਣੇ ਉੱਪਰ ਇਨਕਮ ਟੈਕਸ ਅਤੇ ਈ. ਡੀ. ਦੇ ਕੇਸਾਂ ਦਾ ਖਤਰਾ ਹੈ।ਚੇਅਰਮੈਨ ਲਾਲ ਸਿੰਘ ਨੇ ਕੈਪਟਨ ਖਿਲਾਫ ਸਭ ਤੋਂ ਤਿੱਖੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ।