ਕਿਹਾ, ਲੋਕਾਂ ਦੀ ਸਿਹਤ ਦਾ ਕੋਈ ਫ਼ਿਕਰ ਨਹੀਂ, ਦਿੱਲੀ ਦਰਬਾਰ ਦੇ ਸੰਮਨ ਸੰਭਾਲ ਰਹੇ ਨੇ ਮੁੱਖ ਮੰਤਰੀ ਚੰਨੀ
ਸਰਕਾਰ ਯੋਗ ਪ੍ਰਬੰਧ ਕਰਨ ’ਚ ਫ਼ੇਲ, ਨਿੱਜੀ ਹਸਪਤਾਲਾਂ ਵੱਲੋਂ ਲੋਕਾਂ ਦੀ ਲੁੱਟ ਜਾਰੀ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਸਿੰਘ ਚੀਮਾ ਨੇ ਪੰਜਾਬ ਵਿੱਚ ਡੇਂਗੂ ਦੇ ਵਧਦੇ ਮਾਮਲਿਆਂ ’ਤੇ ਧਿਆਨ ਨਾ ਦੇਣ ਬਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਅਲੋਚਨਾ ਕਰਦਿਆਂ ਇਸ ਨੂੰ ਪੂਰੀ ਤਰ੍ਹਾਂ ਨਾਕਾਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੀਤੇ ਕੁੱਝ ਸਾਲਾਂ ਦੇ ਮੁਕਾਬਲੇ ਇਸ ਸਾਲ ਡੇਂਗੂ ਦੇ ਮਾਮਲੇ ਅਤੇ ਮੌਤਾਂ ਦੀ ਗਿਣਤੀ ਲਗਭੱਗ ਦੁਗਣੀ ਹੋ ਗਈ ਹੈ, ਜੋ ਚਿੰਤਾਜਨਕ ਹੈ।
ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਪੰਜਾਬ ਵਿੱਚ ਬੀਤੇ ਛੇ ਸਾਲਾਂ ਤੋਂ ਸਭ ਤੋਂ ਜ਼ਿਆਦਾ ਡੇਂਗੂ ਦੇ 15,400 ਮਰੀਜ਼ ਸਾਹਮਣੇ ਆਏ ਹਨ ਅਤੇ ਕਰੀਬ 48 ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਇਨਾਂ ਚਿੰਤਾਜਨਕ ਅੰਕੜਿਆਂ ਦੇ ਬਾਵਜੂਦ ਚੰਨੀ ਸਰਕਾਰ ਗੂੜੀ ਨੀਂਦ ਵਿੱਚ ਸੁਤੀ ਪਈ ਹੈ।’’ ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਫਿਲਹਾਲ ਕੋਈ ਸਰਕਾਰੀ ਅੰਕੜਾ ਵੀ ਪੇਸ਼ ਨਹੀਂ ਕੀਤਾ ਗਿਆ। ਪੰਜਾਬ ਵਿੱਚ ਸਥਿਤੀ ਸਰਕਾਰ ਦੇ ਹੱਥਾਂ ਤੋਂ ਬਾਹਰ ਜਾ ਰਹੀ ਹੈ, ਪਰ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਕੋਈ ਸਰੋਕਾਰ ਨਹੀਂ ਹੈ, ਉਹ ਕੇਵਲ ਦਿੱਲੀ ਦਰਬਾਰ ਤੋਂ ਆਪਣੇ ਸੰਮਨ ਸੰਭਾਲ ਰਹੇ ਹਨ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਹਾਲ ਹੀ ਵਿੱਚ ਵਿਧਾਇਕ ਅਮਨ ਅਰੋੜਾ ਅਤੇ ਮੀਤ ਹੇਅਰ ਸਮੇਤ ‘ਆਪ’ ਦੇ ਇੱਕ ਵਫ਼ਦ ਨੇ ਪੰਜਾਬ ਦੇ ਸਿਹਤ ਮੰਤਰੀ ਓ.ਪੀ. ਸੋਨੀ ਨਾਲ ਮੁਲਾਕਾਤ ਕੀਤੀ ਸੀ ਅਤੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਉਹ ਸਿਹਤ ਸਹੂਲਤਾਂ ਦੇ ਸੰਬੰਧ ਵਿੱਚ ਆਪਣਾ ਢਿੱਲਾ ਰਵਈਆ ਛੱਡ ਕੇ ਡੇਂਗੂ ਦੇ ਖ਼ਿਲਾਫ਼ ਵੱਡੇ ਪੱਧਰ ’ਤੇ ਕੰਮ ਕਰੇ। ਚੀਮਾ ਨੇ ਕਿਹਾ ਕਿ ਇਸ ਸੰਬੰਧ ਵਿੱਚ ਮੰਗ ਪੱਤਰ ਦੇਣ ਦੇ ਬਾਵਜੂਦ ਸਰਕਾਰ ਹੁਣ ਤੱਕ ਹਰਕਤ ਵਿੱਚ ਨਹੀਂ ਆਈ ਹੈ, ਜੋ ਸਰਕਾਰ ਦੀ ਅਯੋਗਤਾ ਨੂੰ ਪੇਸ਼ ਕਰਦਾ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਟਿੱਪਣੀ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਮੁੱਖ ਮੰਤਰੀ ਨੂੰ ਦੱਸਦਾ ਚਾਹੀਦਾ ਹੈ ਕਿ ਉਨ੍ਹਾਂ ਡੇਂਗੂ ਨਾਲ ਨਜਿਠਣ ਲਈ ਕਿਹੜੇ ਕਦਮ ਚੁੱਕੇ ਹਨ। ਨਹੀਂ ਤਾਂ ਇਹੀ ਸਮਝਿਆ ਜਾਣਾ ਚਾਹੀਦਾ ਹੈ ਕਿ ਪੰਜਾਬ ਵਾਸੀਆਂ ਦੀ ਤੰਦਰੁਸਤੀ ਸਰਕਾਰ ਦੇ ਏਜੰਡੇ ਵਿੱਚ ਹੀ ਨਹੀਂ ਹੈ।’’ ਉਨ੍ਹਾਂ ਕਾਂਗਰਸ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਰਾਜ ਵਿੱਚ ਵੱਡੇ ਪੈਮਾਨੇ ’ਤੇ ਡੇਂਗੂ ਦੇ ਪੀੜਤਾਂ ਦੇ ਇਲਾਜ ਲਈ ਉਚਿਤ ਪ੍ਰਬੰਧ ਕਰਨ ਵਿੱਚ ਫ਼ੇਲ ਹੋਈ ਹੈ ਅਤੇ ਸਰਕਾਰੀ ਹਸਪਤਾਲਾਂ ਦੀ ਮਾੜੀ ਹਾਲਤ ਕਾਰਨ ਮਰੀਜਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਜਾਣਾ ਪੈ ਰਿਹਾ ਹੈ, ਜਿਥੇ ਉਨ੍ਹਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ।
‘ਆਪ’ ਆਗੂ ਨੇ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਨੂੰ ਸਿਹਤ ਸੇਵਾਵਾਂ ਵਿੱਚ ਵੱਡੇ ਪੱਧਰ ’ਤੇ ਸੁਧਾਰ ਕਰਨ ਲਈ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਅਗਵਾਈ ਲੈਣੀ ਚਾਹੀਦੀ ਹੈ। ਕੋਵਿਡ ਤੋਂ ਬਾਅਦ ਹੁਣ ਡੇਂਗੂ ਦੇ ਮਾਮਲਿਆਂ ਨੇ ਪੰਜਾਬ ਵਿੱਚ ਇੱਥ ਵਾਰ ਫਿਰ ਸਰਕਾਰੀ ਸਿਹਤ ਸੇਵਾਵਾਂ ਦੀ ਪੋਲ ਖੋਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡੇਂਗੂ ਹਰ ਸਾਲ ਹੋਣ ਵਾਲੀ ਬਿਮਾਰੀ ਹੈ। ਪਰ ਪੰਜਾਬ ਸਰਕਾਰ ਨੇ ਇਸ ਤੋਂ ਬਚਾਅ ਅਤੇ ਇਲਾਜ ਲਈ ਸਮੇਂ ਸਿਰ ਕੋਈ ਵੀ ਜ਼ਰੂਰੀ ਕਦਮ ਨਹੀਂ ਚੁੱਕੇ। ਸਤੰਬਰ, ਅਕਤੂਬਰ ਅਤੇ ਨਵੰਬਰ ਮਹੀਨੇ ਵਿੱਚ ਡੇਂਗੂ ਦਾ ਪ੍ਰਕੋਪ ਸਿਖ਼ਰ ’ਤੇ ਹੁੰਦਾ ਹੈ, ਇਸ ਲਈ ਜੁਲਾਈ ਮਹੀਨੇ ਤੋਂ ਹੀ ਬਚਾਅ ਅਤੇ ਇਲਾਜ ਦੀਆਂ ਤਿਆਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਸਨ।
ਚੀਮਾ ਨੇ ਕਿਹਾ ਲੋਕਾਂ ਨੂੰ ਡੇਂਗੂ ਦੇ ਪ੍ਰਕੋਪ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ, ਕਿਉਂਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਸੜਕਾਂ ਅਤੇ ਗਲੀਆਂ ਵਿੱਚ ਗੰਦਗੀ, ਮਲਬਾ ਅਤੇ ਜਮਾ ਪਾਣੀ ਵਿੱਚ ਹੀ ਡੇਂਗੂ ਅਤੇ ਇਸ ਦਾ ਲਾਰਵਾ ਪੈਦਾ ਹੁੰਦਾ ਹੈ, ਜਿਸ ਦੇ ਲਈ ਨਾ ਕੇਵਲ ਸਥਾਨਕ ਸਰਕਾਰਾਂ, ਸਗੋਂ ਹੋਰ ਸੰਬੰਧਿਤ ਵਿਭਾਗ ਵੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਸ ਭੈੜੀ ਵਿਵਸਥਾ ਨੇ ਮੋਦੀ ਸਰਕਾਰ ਦੇ ਸਵੱਸਥ ਭਾਰਤ ਮਿਸ਼ਨ ਦੀ ਨਾਕਾਮੀ ਨੂੰ ਵੀ ਉਜਾਗਰ ਕੀਤਾ ਹੈ। ਚੀਮਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨਿੱਜੀ ਹਸਪਤਾਲਾਂ ਵਿੱਚ ਹੋ ਰਹੀ ਲੁੱਟ ਨੂੰ ਤੁਰੰਤ ਬੰਦ ਕਰਨ ਲਈ ਨਿੱਜੀ ਹਸਪਤਾਲਾਂ ਵਿੱਚ ਬੈਡ ਚਾਰਜ ਅਤੇ ਐਸ.ਡੀ.ਪੀ ਕਿੱਟ ਦਾ ਖ਼ਰਚਾ ਵੀ ਨਿਸ਼ਚਿਤ ਕਰੇ।