ਸਾਡੇ ਵਿਚੋਂ ਕਈ ਲੋਕਾਂ ਦਾ ਰਾਤ ਨੂੰ ਖਾਣੇ ਤੋਂ ਬਾਅਦ ਕੁਝ ਮਿੱਠਾ ਖਾਣ ਦਾ ਦਿਲ ਕਰਦਾ ਹੈ। ਜੇਕਰ ਤੁਸੀਂ ਵਜ਼ਨ ਘਟਾਉਣ ’ਚ ਲੱਗੇ ਹੋ ਤਾਂ ਜ਼ਾਹਿਰ ਹੈ ਮਿੱਠਾ ਖਾਣ ਦੀ ਇੱਛਾ ਕੋਈ ਫਲ਼ ਖਾ ਕੇ ਪੂਰੀ ਕਰੋਗੇ। ਫਲ਼ ਸਿਹਤਮੰਦ, ਜੂਸੀ, ਪੌਸ਼ਣ ਨਾਲ ਭਰਪੂਰ, ਕੁਦਰਤੀ ਤੌਰ ’ਤੇ ਮਿੱਠੇ ਤੇ ਕਿਸੇ ਮਠਿਆਈ ਜਾਂ ਚਾਕਲੇਟ ਨਾਲੋਂ ਕਈ ਗੁਣਾ ਬਿਹਤਰ ਹਨ। ਹਾਲਾਂਕਿ, ਹਮੇਸ਼ਾ ਇਸ ਗੱਲ ’ਤੇ ਬਹਿਸ ਹੁੰਦੀ ਆਈ ਹੈ ਕਿ ਰਾਤ ਨੂੰ ਫਲ਼ ਖਾਣਾ ਕਿੰਨਾ ਕੁ ਠੀਕ ਹੁੰਦਾ ਹੈ?
ਆਯੁਰਵੈਦ ਦੀ ਮੰਨੀਏ ਤਾਂ ਤੁਸੀਂ ਜਦੋਂ ਖਾਣਾ ਖਾਂਦੇ ਹੋ ਤੇ ਜਦੋਂ ਫਲ਼ ਖਾਂਦੇ ਹੋ, ਦੋਵਾਂ ਦਾ ਅਸਰ ਪਾਚਨ ਕਿਰਿਆ ’ਤੇ ਵੱਖੋ-ਵੱਖਰਾ ਹੁੰਦਾ ਹੈ। ਉੱਥੇ ਹੀ ਪ੍ਰਾਚੀਨ ਡਾਕਟਰੀ ਪ੍ਰਣਾਲੀ ਇਹ ਦਸਦੀ ਹੈ ਕਿ ਸੌਣ ਤੋਂ ਘੱਟੋ-ਘੱਟ 3-4 ਘੰਟੇ ਪਹਿਲਾਂ ਡਿਨਰ ਕਰ ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਫਲ਼ ਤੇ ਖਾਣਾ ਇਕੱਠੇ ਖਾਂਦੋ ਹੋ ਤਾਂ ਤੁਹਾਡਾ ਸਰੀਰ ਪਹਿਲਾਂ ਫਲ਼ ਪਚਾਏਗਾ ਤੇ ਫਿਰ ਖਾਣਾ।
ਇਸ ਕਾਰਨ ਪੇਟ ਖ਼ਰਾਬੀ ਦੀ ਸਮੱਸਿਆ ਹੋ ਸਕਦੀ ਹੈ ਤੇ ਨਾਲ ਹੀ ਤੁਹਾਡੇ ਸਰੀਰ ਨੂੰ ਖਾਣੇ ਤੋਂ ਮਿਲੇ ਪੋਸ਼ਕ ਤੱਤਾਂ ਦਾ ਫਾਇਦਾ ਨਹੀਂ ਮਿਲੇਗਾ। ਉੱਥੇ ਹੀ ਕਈ ਲੋਕਾਂ ਦਾ ਮੰਨਣਾ ਹੈ ਕਿ ਸੌਣ ਤੋਂ ਪਹਿਲਾਂ ਫਲ਼ ਖਾਣ ਨਾਲ ਵਧੀਆ ਨੀਂਦ ਆਉਂਦੀ ਹੈ ਪਰ ਹੁੰਦਾ ਇਸ ਤੋਂ ਬਿਲਕੁਲ ਉਲਟ ਹੈ। ਫਲ਼ ਸਰੀਰ ’ਚ ਚੀਨੀ ਛੱਡਦੇ ਹਨ ਜੋ ਤੁਹਾਡੀ ਊਰਜਾ ਵਧਾਉਂਦੀ ਹੈ ਤੇ ਤੁਹਾਨੂੰ ਸੌਣ ਵੇਲੇ ਸਮੱਸਿਆ ਦਿੰਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਰਾਤ ਨੂੰ ਫਲ਼ ਨਹੀਂ ਖਾ ਸਕਦੇ, ਸਿਰਫ਼ ਸਮੇਂ ਸਿਰ ਖਾਣ ਦੀ ਜ਼ਰੂਰਤ ਹੈ। ਤੁਹਾਨੂੰ ਫਲ਼ ਘੱਟੋ-ਘੱਟ ਖਾਣਾ ਖਾਣ ਤੋਂ 30 ਮਿੰਟ ਬਾਅਦ ਖਾਣੇ ਚਾਹੀਦੇ ਹਨ। ਤੁਸੀਂ ਸੌਣ ਤੋਂ ਪਹਿਲਾਂ ਕਿਹੜੇ ਫਲ਼ ਖਾਂਦੇ ਹੋ, ਇਸ ਵੱਲ ਧਿਆਨ ਦੇਣਾ ਕਾਫ਼ੀ ਜ਼ਰੂਰੀ ਹੈ। ਰਾਤ ਨੂੰ ਪਲੇਟ ਭਰ ਕੇ ਫਲ਼ ਨਾ ਖਾਓ। ਜੇਕਰ ਤੁਸੀਂ ਮਿੱਠਾ ਖਾਣ ਲਈ ਤਰਸ ਰਹੇ ਹੋ ਤਾਂ ਸਿਰਫ਼ ਫਲ਼ ਦਾ ਇਕ ਟੁਕੜਾ ਹੀ ਖਾਓ ਜਿਸ ਵਿਚ ਚੀਨੀ ਦੀ ਮਾਤਰਾ ਘੱਟ ਤੇ ਫਾਈਬਰ ਹੋਵੇ। ਜਿਵੇਂ ਤਰਬੂਜ਼, ਨਾਸ਼ਪਤੀ ਜਾਂ ਕੀਵੀ ਵਰਗੇ ਫਲ਼। ਨਾਲ ਹੀ ਫਲ਼ ਖਾਂਦੇ ਹੀ ਸੌਣਾ ਨਹੀਂ ਚਾਹੀਦਾ।
ਗੱਲ ਸਿਰਫ਼ ਇੰਨੀ ਹੈ ਕਿ ਤੁਹਾਡੇ ਖਾਣੇ ਤੇ ਫਲ਼ ਖਾਣ ਵਿਚਕਾਰ ਘੱਟੋ-ਘੱਟ 30 ਮਿੰਟ ਦਾ ਗੈਪ ਹੋਣਾ ਚਾਹੀਦਾ ਹੈ। ਜੇਕਰ ਹੋ ਸਕੇ ਤਾਂ ਤੁਸੀਂ ਫਲ਼ ਸ਼ਾਮ ਨੂੰ ਰਾਤ ਦੇ ਖਾਣੇ ਤੋਂ ਇਕ-ਦੋ ਘੰਟੇ ਪਹਿਲਾਂ ਹੀ ਖਾ ਲਉ। ਇਸ ਤਰ੍ਹਾਂ ਤੁਹਾਡਾ ਪਾਚਨ ਤੰਤਰ ਦੋਵਾਂ ਤਰ੍ਹਾਂ ਦੇ ਖਾਣੇ ਨੂੰ ਆਰਾਮ ਨਾਲ ਵਧੀਆ ਤਰੀਕੇ ਨਾਲ ਪਚਾ ਸਕੇਗਾ।