ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ’ਚ ਪਰਿਵਾਰ ਗਵਾਉਣ ਵਾਲੇ ਬੱਚਿਆਂ ਦਾ ਸਹਾਰਾ ਬਣੇਗੀ ‘ਪੰਜਾਬ ਸਰਕਾਰ’

0
62

ਕੋਰੋਨਾ ਮਹਾਂਮਾਰੀ ਕਾਰਨ ਆਪਣਿਆਂ ਨੂੰ ਗਵਾਉਣ ਵਾਲੇ ਅੰਮ੍ਰਿਤਸਰ ਜ਼ਿਲ੍ਹੇ ਦੇ 49 ਬੱਚਿਆਂ ਦਾ ਪੰਜਾਬ ਸਰਕਾਰ ਸਹਾਰਾ ਬਣੇਗੀ। ਇਸ ਤੋਂ ਇਲਾਵਾ ਮਹਾਂਮਾਰੀ ’ਚ ਜਾਨ ਗਵਾਉਣ ਵਾਲੇ 1546 ਮਰੀਜ਼ਾਂ ਦੇ ਪਰਿਵਾਰ ਨੂੰ ਵੀ ਵਿਸ਼ੇਸ਼ ਗ੍ਰਾਂਟ ਤਹਿਤ ਪੀੜ੍ਹਤ ਪਰਿਵਾਰਾਂ ਦੀ ਸਰਕਾਰ ਵੱਲੋਂ ਮਦਦ ਕੀਤੀ ਜਾਵੇਗੀ। ਸਿਹਤ ਵਿਭਾਗ ਵੱਲੋਂ ਕੋਰੋਨਾ ਮਹਾਂਮਾਰੀ ’ਚ ਜਾਨ ਗਵਾਉਣ ਵਾਲੇ 1595 ਮਰੀਜ਼ਾਂ ਦੇ ਪਰਿਵਾਰਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਸਹੂਲਤ ਦੇਣ ਲਈ ਸਰਕਾਰ ਨੂੰ ਰਿਪੋਰਟ ਭੇਜ ਦਿੱਤੀ ਹੈ।

ਇਸ ਸੰਬੰਧ ‘ਚ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ’ਚ ਕੋਰੋਨਾ ਦੌਰਾਨ ਅਜੇ ਤੱਕ 1595 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਮਰੀਜ਼ਾਂ ਦੇ ਪਰਿਵਾਰ ਦੀ ਮਦਦ ਲਈ ਵਿਸ਼ੇਸ਼ ਯੋਜਨਾ ਤਹਿਤ ਕੰਮ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ’ਚ 49 ਬੱਚੇ ਅਜਿਹੇ ਹਨ, ਜਿਨ੍ਹਾਂ ਦੇ ਸਿਰ ਤੋਂ ਕੋਰੋਨਾ ਕਾਰਨ ਉਨ੍ਹਾਂ ਦਾ ਘਰ ਦਾ ਵੱਡਾ ਪਰਿਵਾਰਕ ਮੈਂਬਰ ਜਾਣ ਕਾਰਨ ਉਨ੍ਹਾਂ ਦੇ ਪਾਲਣ-ਪੋਸ਼ਣ ਕਰਨ ’ਚ ਕਾਫ਼ੀ ਮੁਸ਼ਕਲ ਆ ਰਹੀ ਹੈ।

ਪੰਜਾਬ ਸਰਕਾਰ ਵੱਲੋਂ ਅਜਿਹੇ ਬੱਚਿਆਂ ਦੀ ਮਦਦ ਲਈ ਜਿੱਥੇ ਪੈਨਸ਼ਨ ਯੋਜਨਾ ਅਮਲ ’ਚ ਲਿਆਂਦੀ ਜਾ ਰਹੀ ਹੈ, ਉੱਥੇ ਉਨ੍ਹਾਂ ਨੂੰ ਸਿੱਖਿਆਂ ਪ੍ਰਦਾਨ ਕਰਨ ਲਈ ਪੜ੍ਹਾਈ ਦੀ ਜ਼ਿੰਮੇਵਾਰੀ ਵੀ ਸਰਕਾਰ ਲੈ ਰਹੀ ਹੈ। ਬੱਚਿਆਂ ਦੇ ਇਲਾਜ ਲਈ ਭਵਿੱਖ ’ਚ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸਮਾਰਟ ਰਾਸ਼ਨ ਕਾਰਡ ਅਤੇ ਆਸ਼ੀਰਵਾਦ ਸਕੀਮ ਤਹਿਤ ਬੱਚਿਆਂ ਨੂੰ ਫ਼ਾਇਦਾ ਦਿੱਤਾ ਜਾਵੇਗਾ।

ਸਿਵਲ ਸਰਜਨ ਨੇ ਦੱਸਿਆ ਕਿ ਕੁੱਲ 1595 ਪਰਿਵਾਰਾਂ ਦੀ ਸੰਖੇਪ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਰਿਵਾਰ ਭਲਾਈ ਅਧਿਕਾਰੀ ਡਾ. ਜਸਪ੍ਰੀਤ ਸ਼ਰਮਾ ਦੀ ਅਗਵਾਈ ’ਚ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਨੇ ਇਹ ਰਿਪੋਰਟ ਤਿਆਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਹੁਕਮਾਂ ’ਤੇ ਜ਼ਿਲ੍ਹੇ ’ਚ ਟੈਸਟਿੰਗ ਦੀ ਗਿਣਤੀ ਵੀ ਵਧਾਈ ਗਈ ਹੈ। ਇਸ ਮੌਕੇ ਡਾ. ਜਸਪ੍ਰੀਤ ਸ਼ਰਮਾ, ਅਮਰਦੀਪ ਸਿੰਘ ਆਦਿ ਮੌਜੂਦ ਸਨ।

ਕੋਰੋਨਾ ਵਾਇਰਸ ਨੇ ਸੋਮਵਾਰ ਨੂੰ 4 ਲੋਕਾਂ ਨੂੰ ਲਪੇਟ ’ਚ ਲਿਆ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ’ਚ ਇਕ ਮਰੀਜ਼ ਤੰਦਰੁਸਤ ਵੀ ਹੋਇਆ ਹੈ। ਹਾਲਾਂਕਿ ਹੁਣ ਐਕਟਿਵ ਕੇਸਾਂ ਦੀ ਗਿਣਤੀ ਬੀਤੇ ਐਤਵਾਰ ਦੀ ਤੁਲਣਾ ’ਚ ਚਾਰ ਤੋਂ ਵਧ ਕੇ 7 ਹੋ ਗਈ ਹੈ। ਇਹ ਕਿ ਕਿਸੇ ਇਨਫੈਕਟਿਡ ਦੀ ਮੌਤ ਨਹੀਂ ਹੋਈ। ਹੁਣ ਤੱਕ ਜ਼ਿਲ੍ਹੇ ’ਚ 47342 ਇਨਫੈਕਟਿਡ ਰਿਪੋਰਟ ਹੋ ਚੁੱਕੇ ਹਨ। ਇਨ੍ਹਾਂ ’ਚੋਂ 45740 ਤੰਦਰੁਸਤ ਹੋਏ, ਜਦੋਂ ਕਿ 1595 ਦੀ ਮੌਤ ਹੋਈ।

LEAVE A REPLY

Please enter your comment!
Please enter your name here