ਪੰਜਾਬੀ ਗਾਇਕ ਗੁਰਦਾਸ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਕੁੱਝ ਮੈਂਬਰ ਕੋਰੋਨਾਵਾਇਰਸ ਤੋਂ ਠੀਕ ਹੋ ਗਏ ਹਨ। ਉਨ੍ਹਾਂ ਨੇ ਫੇਸਬੁੱਕ ‘ਤੇ ਇੱਕ ਪੋਸਟ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਕੁੱਝ ਹਫਤੇ ਪਹਿਲਾਂ ਮੈਂ ਅਤੇ ਮੇਰੇ ਪਰਿਵਾਰ ਦੇ ਕੁੱਝ ਮੈਂਬਰ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ, ਜਿਸ ਕਾਰਨ ਅਸੀਂ ਸਾਰੇ ਘਰੇਲੂ ਇਕਾਂਤਵਾਸ ਵਿੱਚ ਸੀ।
ਉਨ੍ਹਾਂ ਨੇ ਕਿਹਾ ਕਿ ਮੈਂ ਇਹ ਖਬਰ ਸਾਰਿਆਂ ਨਾਲ ਸਾਂਝੀ ਨਹੀਂ ਕੀਤੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਇਹ ਉਨ੍ਹਾਂ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੇ ਜੋ ਸਾਨੂੰ ਪਿਆਰ ਕਰਦੇ ਹਨ। ਅਸੀਂ ਸਿਰਫ ਉਨ੍ਹਾਂ ਲੋਕਾਂ ਨੂੰ ਸੂਚਿਤ ਕੀਤਾ ਜੋ ਸਾਡੇ ਨਾਲ ਸੰਪਰਕ ਵਿੱਚ ਸਨ, ਤਾਂ ਜੋ ਉਹ ਆਪਣਾ ਟੈਸਟ ਵੀ ਕਰਵਾ ਸਕਣ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਮਾਲਕ ਦੀ ਕਿਰਪਾ ਹੈ ਕਿ ਹੁਣ ਅਸੀਂ ਸਾਰੇ ਠੀਕ ਹਾਂ। ਸਾਡੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕੋਵਿਡ ਤੋਂ ਬਹੁਤ ਕੁੱਝ ਸਿੱਖਿਆ ਹੈ। ਇਸਦੇ ਕਾਰਨ ਕੰਮ ਵੀ ਰੁੱਕ ਗਿਆ ਜਿਸ ਕਾਰਨ 15 ਅਕਤੂਬਰ ਨੂੰ ਰਿਲੀਜ਼ ਹੋਣ ਵਾਲਾ ਗਾਣਾ ਹੁਣ ਕੁੱਝ ਸਮੇਂ ਬਾਅਦ ਆਵੇਗਾ।