ਪੁਲਿਸ ਵੱਲੋਂ ਕੀਤੀ ਕੁੱਟਮਾਰ ਤੋਂ ਬਾਅਦ ਹੋਈ ਨੌਜਵਾਨ ਦੀ ਮੌਤ,ਪਰਿਵਾਰ ਵੱਲੋਂ ਲਾਇਆ ਗਿਆ ਧਰਨਾ

0
97

ਬੁਢਲਾਡਾ: ਪਿੰਡ ਫਫੜੇ ਭਾਈਕੇ ਤੋਂ ਇੱਕ ਦਲਿਤ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।ਨੌਜਵਾਨ ਦੀ ਪੁਲਿਸ ਹਿਰਾਸਤ ’ਚੋਂ ਬਾਹਰ ਆਉਂਦਿਆਂ ਹੀ ਭੇਤਭਰੀ ਹਾਲਤ ‘ਚ ਮੌਤ ਹੋ ਗਈ। ਜਿਸ ਤੋ ਮਗਰੋਂ ਦਲਿਤ ਭਾਈਚਾਰੇ ਅਤੇ ਹੋਰ ਜਥੇਬੰਦੀਆਂ ਨੇ ਸਿਵਲ ਹਸਪਤਾਲ ਵਿੱਚ ਉਕਤ ਨੌਜਵਾਨ ਦੀ ਲਾਸ਼ ਰੱਖ ਕੇ ਧਰਨਾ ਲਾ ਦਿੱਤਾ।

ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਪਿੰਡ ਫਫੜੇ ਭਾਈਕੇ ਦਾ ਮਨਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਪਿਛਲੇ ਕੁਝ ਸਮੇਂ ਤੋਂ ਬੁਢਲਾਡਾ ਦੇ ਵਾਰਡ ਨੰਬਰ-1 ਵਿੱਚ ਆਪਣੀ ਮਾਸੀ ਅਤੇ ਮਾਸੜ ਕੋਲ ਰਹਿ ਰਿਹਾ ਸੀ। ਬੀਤੇ ਦਿਨ ਗਲੀ ਵਿੱਚ ਕਿਸੇ ਗੁਆਂਢੀ ਨੇ ਮਨਪ੍ਰੀਤ ਖ਼ਿਲਾਫ਼ ਸ਼ਿਕਾਇਤ ਕਰ ਦਿੱਤੀ।ਜਿਸ ਕਰਕੇ ਪੁਲਿਸ ਉਸ ਨੂੰ ਥਾਣੇ ਲੈ ਗਈ। ਲੰਬੀ ਪੁੱਛਗਿੱਛ ਮਗਰੋਂ ਦੇਰ ਰਾਤ ਉਸ ਨੂੰ ਘਰ ਭੇਜ ਦਿੱਤਾ ਗਿਆ। ਘਰ ਆਉਂਦਿਆਂ ਹੀ ਉਸ ਦੀ ਮੌਤ ਹੋ ਗਈ। ਦਿਨ ਚੜ੍ਹਦਿਆਂ ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਦੇ ਕੱਪੜੇ ਉਤਾਰ ਕੇ ਵੇਖਿਆ ਤਾਂ ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਪਏ ਸਨ।

ਇਸ ਮਗਰੋਂ ਉਨ੍ਹਾਂ ਪੁਲਿਸ ’ਤੇ ਕੁੱਟਮਾਰ ਦਾ ਦੋਸ਼ ਲਗਾਉਂਦੇ ਹੋਏ ਮਨਪ੍ਰੀਤ ਦੀ ਲਾਸ਼ ਸਿਵਲ ਹਸਪਤਾਲ ਵਿੱਚ ਰੱਖ ਕੇ ਪੁਲਿਸ ਵਿਰੁੱਧ ਧਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਸੀਤਾ ਰਾਮ ਗੋਬਿੰਦਪੁਰਾ, ਏਟਕ ਦੇ ਨਿੱਕਾ ਸਿੰਘ ਬਹਾਦਰਪੁਰ, ਐਡਵੋਕੇਟ ਸਵਰਨਜੀਤ ਸਿੰਘ, ਕਾਮਰੇਡ ਦੀਵਾਨ ਸਿੰਘ ਫਫੜੇ ਅਤੇ ਡਕੌਂਦਾ ਦੇ ਸਤਪਾਲ ਸਿੰਘ ਬਰ੍ਹੇ ਨੇ ਕਿਹਾ ਕਿ ਪੁਲਿਸ ਨੇ ਪੁੱਛਗਿੱਛ ਦੌਰਾਨ ਇਸ ਨੌਜਵਾਨ ’ਤੇ ਤਸ਼ੱਦਦ ਢਾਹਿਆ ਹੈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤਕ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ।ਉਦੋਂ ਤੱਕ ਉਹ ਸੰਸਕਾਰ ਨਹੀਂ ਕਰਨਗੇ ਤੇ ਧਰਨਾ ਜਾਰੀ ਰੱਖਣਗੇ। ਡੀ.ਐੱਸ.ਪੀ ਪ੍ਰਭਜੋਤ ਕੌਰ ਨੇ ਦੱਸਿਆ ਕਿ ਜਿੰਨੀ ਦੇਰ ਤੱਕ ਡਾਕਟਰੀ ਬੋਰਡ ਵੱਲੋਂ ਲਾਸ਼ ਦਾ ਪੋਸਟਮਾਰਟਮ ਨਹੀਂ ਹੁੰਦਾ।ਉਦੋਂ ਤੱਕ ਇਹ ਮਾਮਲਾ ਸੁਲਝਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਕਰਵਾਉਣ ਲਈ ਪਰਿਵਾਰ ਨੂੰ ਲਾਸ਼ ਹਸਪਤਾਲ ਨੂੰ ਸੌਂਪ ਦੇਣੀ ਚਾਹੀਦੀ ਹੈ।

LEAVE A REPLY

Please enter your comment!
Please enter your name here