ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਵਧੀਆ ਕੰਮ ਕਰਨ ਵਾਲੇ ਸਿਹਤ ਵਿਭਾਗ ਦੇ ਕਰਮੀਆਂ ਨੂੰ ਰਾਜ-ਜ਼ਿਲ੍ਹਾ ਮਹਾਂਮਾਰੀ ਦੌਰਾਨ ਵਧੀਆ ’ਤੇ ਸਨਮਾਨਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਾਰੇ ਮੈਂਬਰਾਂ ਦਾ ਟੀਕਾਕਰਨ ਹੋਣ ਵਾਲੇ ਘਰ ‘ਗਰੀਨ ਸਟਾਰ ਹਾਊਸ’ ਦੇ ਨਾਮ ਨਾਲ ਜਾਣੇ ਜਾਣਗੇ ਤਾਂ ਕਿ ਹੋਰ ਲੋਕ ਵੀ ਵੈਕਸੀਨ ਲਗਾਉਣ ਲਈ ਉਤਸ਼ਾਹਤ ਹੋ ਸਕਣ।
ਸਿਹਤ ਮੰਤਰੀ ਨੇ ਕਿਹਾ ਕਿ ਰਾਜ ਦੀਆਂ ਸਾਰੀਆਂ 92 ਨਗਰਪਾਲਿਕਾਵਾਂ ’ਚ ਤਾਇਨਾਤ ਸਾਰੇ ਕਰਮੀਆਂ ਦਾ ਵੀ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰਾਜ ’ਚ ਕੁੱਲ 40 ਕੋਰੋਨਾ ਜਾਂਚ ਪ੍ਰਯੋਗਸ਼ਾਲਾਵਾਂ ਹਨ, ਜਿਨ੍ਹਾਂ ’ਚੋਂ 19 ਸਰਕਾਰੀ ਅਤੇ 21 ਨਿੱਜੀ ਹਨ। ਇਨ੍ਹਾਂ ’ਚ ਹਰ ਦਿਨ ਲਗਭਗ 1.30 ਲੱਖ ਸੈਂਪਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਰਾਜ ਦੇ ਫਤਿਹਾਬਾਦ, ਹਿਸਾਰ, ਨਾਰਨੌਲ, ਕੁਰੂਕੁਸ਼ੇਤਰ, ਚਰਖੀ-ਦਾਦਰੀ, ਕੈਥਲ, ਝੱਜਰ ਅਤੇ ਪਲਵਲ ’ਚ 8 ਨਵੀਆਂ ਮੋਲੀਕਿਊਲਰ ਪ੍ਰਯੋਗਸ਼ਾਲਾਵਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਰਾਜ ’ਚ 23 ਸਤੰਬਰ ਤੱਕ ਕੁੱਲ 2,17,79,655 ਲੋਕਾਂ ਦੀ ਟੀਕਾਕਰਨ ਕੀਤਾ ਗਿਆ ਹੈ, ਜਿਨ੍ਹਾਂ ’ਚੋਂ 1,59,86,337 ਲੋਕਾਂ ਨੂੰ ਪਹਿਲਾ ਅਤੇ 57,93,318 ਦਾ ਦੂਜਾ ਟੀਕਾਕਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸਿਹਤ ਦੇਖਭਾਲ ਕਰਮੀਆਂ ’ਚ 99 ਫੀਸਦੀ ਨੂੰ ਪਹਿਲਾ ਅਤੇ 93 ਫੀਸਦੀ ਨੂੰ ਦੂਜਾ ਟੀਕਾ ਲਗਾਇਆ ਜਾ ਚੁਕਿਆ ਹੈ। ਅਨਿਲ ਵਿਜ ਨੇ ਕਿਹਾ ਕਿ ਉਹ ਹਰਿਆਣਾ ਨੂੰ ਆਕਸੀਜਨ ਦੇ ਮਾਮਲੇ ’ਚ ਆਤਮਨਿਰਭਰ ਬਣਾਉਣਾ ਚਾਹੁੰਦੇ ਹਨ ਅਤੇ ਇਸ ਲਈ ਪ੍ਰਧਾਨ ਮੰਤਰੀ ਕੇਅਰਜ਼ ਫੰਡ ਤੋਂ ਮਿਲੇ 40 ਪੀ.ਐੱਸ.ਏ. ਪਲਾਂਟ ’ਚੋਂ 39 ਨੂੰ ਚਾਲੂ ਕਰ ਦਿੱਤਾ ਗਿਆ ਹੈ।