ਰਾਜਪੁਰਾ, 26 ਸਤੰਬਰ 2026 : ਪੰਜਾਬ ਦੇ ਜਿਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਰਾਜਪੁਰਾ ਵਿਖੇ ਬਣੀ ਚਿਤਕਾਰਾ ਯੂਨੀਵਰਸਿਟੀ (Chitkara University) ਦੇ ਬਾਹਰ ਵਿਦਿਆਰਥੀਆਂ ਵਲੋਂ ਅੱਧੀ ਰਾਤ ਨੂੰ ਪ੍ਰਦਰਸ਼ਨ (Protest) ਕੀਤਾ ਗਿਆ ।
ਕੀ ਕਾਰਨ ਰਿਹਾ ਵਿਦਿਆਰਥੀਆਂ ਵਲੋਂ ਪ੍ਰਦਰਸ਼ਨ ਕਰਨ ਦਾ
ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਰਾਜਪੁਰਾ ‘ਚ ਸਥਿਤ ਚਿਤਕਾਰਾ ਯੂਨੀਵਰਸਿਟੀ ਵਿੱਚ ਜੋ ਬੀਤੀ ਅੱਧੀ ਰਾਤ ਨੂੰ ਵਿਦਿਆਰਥੀਆਂ ਵਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਹੈ ਦਾ ਮੁੱਖ ਕਾਰਨ ਸੋਸ਼ਲ ਮੀਡੀਆ ‘ਤੇ ਗਰਲਜ਼ ਹੋਸਟਲ ਵਿੱਚ ਦੋ ਵਿਦਿਆਰਥਣਾਂ ਦੀ ਮੌਤ ਹੋਣ ਦਾ ਦਾਅਵਾ ਕਰਨ ਵਾਲੀ ਇੱਕ ਵੀਡੀਓ ਕਥਿਤ ਤੌਰ ‘ਤੇ ਵਾਇਰਲ ਹੋਣਾ ਹੈ । ਦੱਸਣਯੋਗ ਹੈ ਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਵਿਦਿਆਰਥੀ ਕੈਂਪਸ ਵਿੱਚ ਇਕੱਠੇ ਹੋ ਗਏ ਅਤੇ ਮਾਮਲੇ ਦੀ ਜਾਣਕਾਰੀ ਦੇਣ ਦੀ ਮੰਗ ਕਰਦਿਆਂ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ।
ਕੀ ਮੰਗ ਕਰ ਰਹੇ ਸਨ ਵਿਦਿਆਰਥੀ
ਉਕਤ ਵਾਇਰਲ ਵੀਡੀਓ ਦੀ ਦਿਖਾਏੇ ਗਏ ਦ੍ਰਿਸ਼ਾਂ ਦੀ ਅਸਲ ਸੱਚਾਈ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਵਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਲਗਾਤਾਰ ਇਹੋ ਮੰਗ ਵਾਰ-ਵਾਰ ਰੱਖੀ ਗਈ ਕਿ ਵੀਡੀਓ ਵਿਚ ਜੋ ਵਿਦਿਆਰਥਣਾਂ ਦੀ ਮੌਤ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਇਸ ਪਿੱਛੇ ਅਸਲ ਸੱਚਾਈ ਕੀ ਹੈ । ਇਸ ਦੌਰਾਨ ਵਿਦਿਆਰਥੀਆਂ ਵੱਲੋਂ ਕੀਤੇ ਗਏ ਭਾਰੀ ਹੰਗਾਮੇ ਦੌਰਾਨ ਕੁੱਝ ਪੁਲਸ ਦੀਆਂ ਗੱਡੀਆਂ ਦੀ ਭੰਨਤੋੜ ਕੀਤੇ ਜਾਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ ।
ਕੀ ਆਖਿਆ ਯੂਨੀਵਰਸਿਟੀ ਮੈਨੇਜਮੈਂਟ ਨੇ
ਵਿਦਿਆਰਥੀਆਂ ਵਲੋਂ ਸੋ਼ਸ਼ਲ ਮੀਡੀਆ ‘ਤੇ ਜਾਰੀ ਵੀਡੀਓ ਦੀ ਅਸਲ ਸੱਚਾਈ ਜਾਣਨ ਦੀ ਮੰਗ ਨੂੰ ਲੈ ਕੇ ਕੀਤੇ ਗਏ ਰੋਸ ਪ੍ਰਦਰਸ਼ਨ ਤੇ ਯੂਨੀਵਰਸਿਟੀ ਮੈਨੇਜਮੈਂਟ (University Management) ਨੇ ਦੱਸਿਆ ਹੈ ਕਿ ਇਹ ਸਿਰਫ਼ ਅਫਵਾਹ ਹੈ ਤੇ ਅਜਿਹੀ ਕੋਈ ਵੀ ਗੱਲ ਨਹੀਂ ਹੈ । ਉਨ੍ਹਾਂ ਆਖਿਆ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।









