ਪੰਜਾਬ ਦੇ ਗੱਭਰੂ ਹਰਸ਼ਵੀਰ ਸਿੰਘ ਸੇਖੋਂ ਨੇ ਗੱਡੇ ਖੇਡ ਜਗਤ `ਚ ਗੱਡੇ ਝੰਡੇ

0
33
Harshveer

ਚੰਡੀਗੜ੍ਹ, 22 ਜੁਲਾਈ 2026 : ਗਲਾਸਗੋ ਰਾਸ਼ਟਰ ਮੰਡਲ ਖੇਡਾਂ ਲਈ ਭਾਰਤੀ ਸਾਈਕਲਿੰਗ (Indian cycling) ਟੀਮ ਵਿਚ ਪੰਜਾਬ ਦੇ ਗੱਭਰੂ ਹਰਸ਼ਵੀਰ ਸਿੰਘ ਸੇਖੋਂ ਨੇ ਖੇਡ ਜਗਤ ਵਿਚ ਝੰਡੇ ਗੱਡੇ ਹਨ ।

ਸ਼ਾਨਦਾਰ ਖੇਡ ਬਦੌਲਤ ਹਰਸ਼ਵੀਰ ਦੀ ਚੋਣ ਹੋਈ ਰਾਸ਼ਟਰ ਮੰਡਲ ਖੇਡਾਂ ਲਈ

ਹਰਸ਼ਵੀਰ ਸਿੰਘ (Harshvir Singh) ਦੀ ਸ਼ਾਨਦਾਰ ਖੇਡ ਬਦੌਲਤ ਉਸ ਦੀ ਚੋਣ 30 ਜੁਲਾਈ ਤੋਂ 2 ਅਗਸਤ ਤੱਕ ਗਲਾਸਗੋ ਵਿਖੇ ਹੋਣ ਵਾਲੀਆਂ ਵੱਕਾਰੀ ਰਾਸ਼ਟਰਮੰਡਲ ਖੇਡਾਂ (Commonwealth Games) ਲਈ ਭਾਰਤੀ ਸਾਈਕਲਿੰਗ ਟੀਮ ਵਿੱਚ ਹੋ ਗਈ ਹੈ । ਇਸ ਇਤਿਹਾਸਕ ਅਤੇ ਮਾਣਮੱਤੀ ਪ੍ਰਾਪਤੀ ‘ਤੇ ਗੌਰਵ ਮਹਿਸੂਸ ਕਰਦਿਆਂ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਹਰਸ਼ਵੀਰ ਸਿੰਘ ਸੇਖੋਂ ਨੇ ਆਪਣੀ ਦਿਨ-ਰਾਤ ਦੀ ਅਣਥੱਕ ਮਿਹਨਤ, ਜਜ਼ਬੇ ਅਤੇ ਦ੍ਰਿੜਤਾ ਸਦਕਾ ਨਾ ਸਿਰਫ਼ ਪੰਜਾਬ ਰਾਜ ਦਾ, ਬਲਕਿ ਪੂਰੇ ਹਿੰਦੁਸਤਾਨ ਦਾ ਸਿਰ ਫ਼ਖ਼ਰ ਨਾਲ ਉੱਚਾ ਕੀਤਾ ਹੈ ।

ਜਨਰਲ ਸਕੱਤਰ ਜਗਦੀਪ ਕਾਹਲੋਂ ਨੇ ਕੀ ਜਾਣਕਾਰੀ ਦਿੱਤੀ

ਵੇਰਵੇ ਸਾਂਝੇ ਕਰਦਿਆਂ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਹਰਸ਼ਵੀਰ ਸਿੰਘ ਸੇਖੋਂ ਨੇ ਸਾਲ 2019 ਵਿੱਚ ਭਾਰਤੀ ਰਾਸ਼ਟਰੀ ਟ੍ਰੈਕ ਸਾਈਕਲਿੰਗ ਟੀਮ ਦਾ ਹਿੱਸਾ ਬਣ ਕੇ ਆਪਣੇ ਅੰਤਰਰਾਸ਼ਟਰੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ । ਉਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ । ਉਹ ਭਾਰਤ ਦੇ ਸਭ ਤੋਂ ਉੱਚੀ ਰੈਂਕਿੰਗ ਵਾਲੇ ਟ੍ਰੈਕ ਸਾਈਕਲਿਸਟ ਬਣਨ ਦਾ ਮਾਣ ਹਾਸਲ ਕਰ ਚੁੱਕੇ ਹਨ ।

ਹਰਸ਼ਵੀਰ ਇਸ ਤੋਂ ਪਹਿਲਾਂ ਸਾਲ 2023 ਦੀਆਂ ਏਸ਼ੀਆਈ ਖੇਡਾਂ (Asian Games) ਵਿੱਚ ਵੀ ਦੇਸ਼ ਦੀ ਨੁਮਾਇੰਦਗੀ ਕਰਕੇ ਆਪਣੀ ਖੇਡ ਦਾ ਲੋਹਾ ਮਨਵਾ ਚੁੱਕੇ ਹਨ ਅਤੇ ਰਾਸ਼ਟਰੀ ਪੱਧਰ ‘ਤੇ ਕਈ ਤਗਮੇ ਜਿੱਤ ਚੁੱਕੇ ਹਨ । ਜਨਰਲ ਸਕੱਤਰ ਜਗਦੀਪ ਸਿੰਘ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ (Cycling Association of Punjab) ਦੇ ਪ੍ਰਧਾਨ ਸਰਦਾਰ ਚਰਨਜੀਤ ਸਿੰਘ ਧਾਲੀਵਾਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ।

ਸਹੀ ਗਾਈਡੈਂਸ ਤੇ ਟ੍ਰੇਨਿੰਗ ਸਦਕਾ ਹਰਸ਼ਵੀਰ ਨੇ ਕੀਤਾ ਮੁਕਾਮ ਹਾਸਲ

ਉਨ੍ਹਾਂ ਕਿਹਾ ਕਿ ਪ੍ਰਧਾਨ ਧਾਲੀਵਾਲ ਦੀ ਦੂਰਅੰਦੇਸ਼ੀ ਸੋਚ, ਖਿਡਾਰੀਆਂ ਪ੍ਰਤੀ ਹਮਦਰਦੀ ਅਤੇ ਐਸੋਸੀਏਸ਼ਨ ਵੱਲੋਂ ਮੁਹੱਈਆ ਕਰਵਾਏ ਗਏ ਵਿਸ਼ਵ-ਪੱਧਰੀ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਸਦਕਾ ਹੀ ਅੱਜ ਪੰਜਾਬ ਦੇ ਖਿਡਾਰੀ ਵਿਸ਼ਵ ਪੱਧਰ ‘ਤੇ ਮਾਰਕੇ ਮਾਰ ਰਹੇ ਹਨ । ਇਸ ਸ਼ੁਭ ਮੌਕੇ `ਤੇ ਐਸੋਸੀਏਸ਼ਨ ਦੇ ਖ਼ਜ਼ਾਨਚੀ ਬੀ. ਐਸ. ਸੁਦਾਨ ਨੇ ਖਿਡਾਰੀ ਹਰਸ਼ਵੀਰ ਸਿੰਘ ਸੇਖੋਂ, ਉਨ੍ਹਾਂ ਦੇ ਮਾਪਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਦਿਲੋਂ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਸਹੀ ਗਾਈਡੈਂਸ ਅਤੇ ਟ੍ਰੇਨਿੰਗ ਸਦਕਾ ਹਰਸ਼ਵੀਰ ਨੇ ਇਹ ਮੁਕਾਮ ਹਾਸਲ ਕੀਤਾ ਹੈ ।

ਖਿਡਾਰੀ ਹਰਸ਼ਵੀਰ ਨੂੰ ਹਰ ਸੰਭਵ ਸਹਿਯੋਗ ਦਾ ਦਿੱਤਾ ਗਿਆ ਭਰੋਸਾ

ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਖੇਡ ਪ੍ਰੇਮੀਆਂ ਨੇ ਉਮੀਦ ਜਤਾਈ ਕਿ ਹਰਸ਼ਵੀਰ ਸਿੰਘ ਗਲਾਸਗੋ ਵਿਖੇ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਆਪਣੀ ਸਖ਼ਤ ਮਿਹਨਤ ਸਦਕਾ ਦੇਸ਼ ਦੀ ਝੋਲੀ ਵਿੱਚ ਸੋਨ ਤਗਮਾ ਪਾ ਕੇ ਪੰਜਾਬੀਆਂ ਦਾ ਨਾਮ ਪੂਰੀ ਦੁਨੀਆ ਵਿੱਚ ਹੋਰ ਰੌਸ਼ਨ ਕਰਨਗੇ । ਐਸੋਸੀਏਸ਼ਨ ਵੱਲੋਂ ਖਿਡਾਰੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ।

LEAVE A REPLY

Please enter your comment!
Please enter your name here