ਚੰਡੀਗੜ੍ਹ, 20 ਜੁਲਾਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਸੂਬੇ ਦੇ ਬਿਜਲੀ ਕਰਮਚਾਰੀਆਂ (Electricity workers) ਦੀ ਸੁਰੱਖਿਆ ਨੂੰ ਤਰਜੀਹ ਦੇ ਰਹੀ ਹੈ ।
ਬਿਜਲੀ ਮੰਤਰੀ ਨੇ ਵੰਡੀਆਂ ਬਿਜਲੀ ਕਰਮਚਾਰੀਆਂ ਨੂੰ ਸੁਰੱਖਿਆ ਟੂਲ ਕਿੱਟਾਂ
ਇਸ ਲੜੀ ਦੇ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਵੰਡ ਪ੍ਰਣਾਲੀ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਲਈ 10,500 ਸੁਰੱਖਿਆ ਟੂਲ ਕਿੱਟਾਂ ਖਰੀਦੀਆਂ ਗਈਆਂ ਹਨ, ਜਿਨ੍ਹਾਂ ਦੀ ਵੰਡ ਦੀ ਸ਼ੁਰੂਆਤ ਅੱਜ ਬਿਜਲੀ ਮੰਤਰੀ (Power Minister) ਤਰੁਨਪ੍ਰੀਤ ਸਿੰਘ ਸੌਂਦ ਵਲੋਂ ਪੀ. ਐੱਸ. ਪੀ. ਸੀ. ਐੱਲ ਦੇ ਸਰਾਭਾ ਨਗਰ, ਲੁਧਿਆਣਾ ‘ਚ ਪੈਂਦੇ ਦਫਤਰ ਵਿਖੇ ਕਰਵਾਏ ਸਮਾਗਮ ਦੌਰਾਨ ਕੀਤੀ ਗਈ । ਇਸ ਮੌਕੇ ਡਾ. ਬਸੰਤ ਗਰਗ, ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਪੀ. ਐੱਸ. ਪੀ. ਸੀ. ਐੱਲ ਅਤੇ ਇੰਜੀ. ਇੰਦਰਪਾਲ ਸਿੰਘ, ਡਾਇਰੈਕਟਰ (ਡਿਸਟ੍ਰੀਬਿਊਸ਼ਨ) ਵੀ ਹਾਜ਼ਰ ਰਹੇ ।
ਪਿਛਲੀਆਂ ਸਰਕਾਰਾਂ ਦੀ ਬੇਰੁਖੀ ਕਾਰਨ ਬਿਜਲੀ ਕਰਮਚਾਰੀਆਂ ਨੂੰ ਗੁਆਉਣੀਆਂ ਪਈਆਂ ਜਾਨਾਂ : ਕੈਬਨਿਟ ਮੰਤਰੀ
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ (Tarunpreet Singh Saund) ਨੇ ਕਿਹਾ ਕਿ ਬਿਜਲੀ ਕਰਮਚਾਰੀ ਹਰ ਮੌਸਮ ਅਤੇ ਹਰ ਹਾਲਾਤ ਵਿੱਚ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ । ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਪੀ. ਐੱਸ. ਪੀ. ਸੀ. ਐੱਲ ਦੇ ਡਿਸਟ੍ਰੀਬਿਊਸ਼ਨ ਸਿਸਟਮ ’ਤੇ ਕੰਮ ਕਰਦੇ ਹੋਏ ਏ. ਐੱਲ. ਐੱਮ., ਲਾਈਨਮੈਨ ਅਤੇ ਹੋਰ ਕਰਮਚਾਰੀਆਂ ਨਾਲ ਵਾਪਰੇ ਜਾਨਲੇਵਾ ਅਤੇ ਗੈਰ-ਜਾਨਲੇਵਾ ਹਾਦਸਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ, ਜਿਸ ਕਾਰਨ ਕਿੰਨ੍ਹੇ ਹੀ ਬਿਜਲੀ ਕਰਮਚਾਰੀਆਂ ਨੂੰ ਆਪਣੀ ਕੀਮਤੀ ਜਾਨ ਵੀ ਗੁਆਉਣੀ ਪਈ ਹੈ । ਪਰੰਤੂ ਸੂਬਾ ਸਰਕਾਰ ਵਲੋਂ ਹੁਣ ਬਿਜਲੀ ਕਰਮਚਾਰੀਆਂ ਲਈ ਦੀ ਸੁਰੱਖਿਆ ਲਈ ਇਹ ਅਹਿਮ ਉਪਰਾਲਾ ਕੀਤਾ ਹੈ ।
ਬਿਜਲੀ ਕਰਮਚਾਰੀ ਸੁਰੱਖਿਆ ਟੂਲ ਕਿੱਟਾਂ ਦੀ ਰੈਗੂਲਰ ਵਰਤੋਂ ਕਰਨ : ਮੰਤਰੀ
ਕੈਬਨਿਟ ਮੰਤਰੀ ਸੌਂਦ ਨੇ ਬਿਜਲੀ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸੁਰੱਖਿਆ ਟੂਲ ਕਿੱਟਾਂ ਦੀ ਰੈਗੂਲਰ ਵਰਤੋਂ ਕਰਨ ਅਤੇ ਸਾਰੇ ਸੁਰੱਖਿਆ ਨਿਯਮਾਂ ਦੀ ਪੂਰੀ ਪਾਲਣਾ ਕਰਨ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਅਤੇ ਕੰਮ ਦੌਰਾਨ ਹਾਦਸਿਆਂ ਵਿੱਚ ਵੱਡੀ ਕਮੀ ਲਿਆਂਦੀ ਜਾ ਸਕੇ । ਉਹਨਾਂ ਸਪੱਸਟ ਕੀਤਾ ਕਿ ਪੰਜਾਬ ਸਰਕਾਰ (Punjab Government) ਅਤੇ ਪੀ. ਐੱਸ. ਪੀ. ਸੀ. ਐੱਲ ਬਿਜਲੀ ਕਰਮਚਾਰੀਆਂ ਦੀ ਸੁਰੱਖਿਆ, ਭਲਾਈ ਅਤੇ ਬਿਹਤਰ ਕਾਰਜਸ਼ੈਲੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਨ ਅਤੇ ਭਵਿੱਖ ਵਿੱਚ ਵੀ ਅਜਿਹੇ ਲੋਕ-ਪੱਖੀ ਉਪਰਾਲੇ ਜਾਰੀ ਰਹਿਣਗੇ ।









