ਮੋਹਾਲੀ, 13 ਜੂਨ 2026 : ਪੰਜਾਬ ਅਤੇ ਚੰਡੀਗੜ੍ਹ (Punjab and Chandigarh) ਸਣੇ ਹੋਰ ਵੱਖ-ਵੱਖ ਖੇਤਰਾ ਵਿਚ ਚੱਲ ਰਹੀਆਂ ਤੇਜ ਹਵਾਵਾਂ ਤੇ ਭਾਰੀ ਮੀਂਹ (Strong winds and heavy rain) ਕਾਰਨ ਤਿੰਨ ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।
ਕਿਵੇਂ ਤੇ ਕਿਹੜੀ ਥਾਂ ‘ਤੇ ਹੋਈ ਹੈ ਤਿੰਨਾਂ ਦੀ ਮੌਤ
ਭਿਆਨਕ ਤੂਫ਼ਾਨ ਕਾਰਨ ਵੱਖ-ਵੱਖ ਹਾਦਸਿਆਂ ਵਿੱਚ ਤਿੰਨ ਲੋਕਾਂ ਦੀ ਦਰਦਨਾਕ ਮੌਤ (Death) ਹੋ ਚੁੱਕੀ ਹੈ । ਅੰਮ੍ਰਿਤਸਰ ਵਿੱਚ ਤੇਜ਼ ਮੀਂਹ ਕਾਰਨ ਇੱਕ ਕੰਧ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਫਾਜਿ਼ਲਕਾ ਦੇ ਪਿੰਡ ਝੰਗੜ ਭੈਣੀ ਵਿਖੇ ਇੱਕ ਫੈਕਟਰੀ ਜਾਂ ਘਰ ਦਾ ਸੀਮਿੰਟ ਸ਼ੈੱਡ ਉੱਡ ਕੇ ਲੰਘ ਰਹੀ ਸੁਨੀਤਾ ਰਾਣੀ ਨਾਂ ਦੀ ਮਹਿਲਾ ਉੱਪਰ ਜਾ ਡਿੱਗਿਆ, ਜਿਸ ਕਾਰਨ ਉਸ ਦੀ ਗਰਦਨ ਵੱਢੀ ਗਈ ਅਤੇ ਮੌਕੇ ‘ਤੇ ਹੀ ਮੌਤ ਹੋ ਗਈ । ਇਸੇ ਤਰ੍ਹਾਂ ਇੱਕ ਹੋਰ ਮੌਤ ਸੰਗਰੂਰ ਜਿ਼ਲ੍ਹੇ ਵਿੱਚ ਦਰਜ ਕੀਤੀ ਗਈ ਹੈ । ਲੁਧਿਆਣਾ ਦੇ ਟੈਗੋਰ ਨਗਰ ਵਿੱਚ ਵੀ ਸ਼ੁੱਕਰਵਾਰ ਰਾਤ ਨੂੰ ਭਾਰੀ ਤੂਫ਼ਾਨ ਕਾਰਨ ਇੱਕ ਵਿਸ਼ਾਲ ਦਰੱਖਤ ਸੜਕ ਦੇ ਵਿਚਕਾਰ ਆ ਡਿੱਗਿਆ, ਜਿਸ ਕਾਰਨ ਆਵਾਜਾਈ ਕਈ ਘੰਟੇ ਪ੍ਰਭਾਵਿਤ ਰਹੀ ।
ਬਿਜਲੀ ਨਿਗਮ ਦੀ ਰਿਪੋਰਟ ਵਿਚ ਕੀ ਸਾਹਮਣੇ ਆਇਆ
ਪੰਜਾਬ ਰਾਜ ਬਿਜਲੀ ਨਿਗਮ (Punjab State Electricity Corporation) ਦੀਆਂ ਮੁੱਢਲੀਆਂ ਰਿਪੋਰਟਾਂ ਅਨੁਸਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਤੇਜ਼ ਹਵਾਵਾਂ ਕਾਰਨ ਸੂਬੇ ਭਰ ਵਿੱਚ 850 ਤੋਂ ਵੱਧ ਬਿਜਲੀ ਦੇ ਖੰਭੇ ਉੱਖੜ ਗਏ ਅਤੇ 129 ਟ੍ਰਾਂਸਫਾਰਮਰ ਪੂਰੀ ਤਰ੍ਹਾਂ ਨੁਕਸਾਨੇ ਗਏ ।
ਇਸ ਤੋਂ ਇਲਾਵਾ 8.57 ਕਿਲੋਮੀਟਰ ਲੰਮੀ ਬਿਜਲੀ ਦੀਆਂ ਮੁੱਖ ਲਾਈਨਾਂ ਅਤੇ ਹਾਈ-ਵੋਲਟੇਜ ਕੇਬਲਾਂ ਟੁੱਟਣ ਕਾਰਨ ਦਰਜਨਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ । ਮੌਸਮ ਠੰਡਾ ਹੋਣ ਕਾਰਨ ਬਿਜਲੀ ਦੀ ਕੁੱਲ ਮੰਗ ਘਟ ਕੇ 12,074 ਮੈਗਾਵਾਟ ਰਹਿ ਗਈ ਹੈ, ਜਿਸ ਵਿੱਚੋਂ 4,384 ਮੈਗਾਵਾਟ ਸੂਬੇ ਦੇ ਅੰਦਰ ਪੈਦਾ ਕੀਤੀ ਗਈ ਅਤੇ 7,686 ਮੈਗਾਵਾਟ ਕੇਂਦਰੀ ਗਰਿੱਡ ਤੋਂ ਲਈ ਗਈ। ਮੌਜੂਦਾ ਸਮੇਂ ਪੰਜਾਬ ਨਿਰਧਾਰਤ ਕੋਟੇ ਤੋਂ 625 ਮੈਗਾਵਾਟ ਘੱਟ ਬਿਜਲੀ ਲੈ ਰਿਹਾ ਹੈ ।









